ਬੰਦ ਬੂਹਿਆਂ ਪਿੱਛੇ ਲੱਗੀ ਅੱਗ ਕਦੋਂ ਬੁਝੇਗੀ?
(ਗੁਰਚਰਨ ਸਿੰਘ ਜੈਤੋ)
ਭਾਰਤ ਵਰਗੇ ਰੂੜ੍ਹੀਵਾਦੀ ਦੇਸ਼ਾਂ ਵਿਚ ਘਰੇਲੂ ਹਿੰਸਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀ। ਭਾਵੇਂ ਅੱਜ ਕਲ੍ਹ ਮੀਡੀਆ/ਅਖ਼ਬਾਰ ਹਰ ਨਿੱਕੀ ਤੋਂ ਨਿੱਕੀ ਖ਼ਬਰ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਸਕਦੇ ਹਨ, ਪਰ ਘਰੇਲੂ ਹਿੰਸਾ ਪਿੱਛੇ ਲੁਕੇ ਜ਼ੁਲਮਾਂ ਲਈ ਅਜੇ ਇਨ੍ਹਾਂ ਨੇ ਭਰੀ ਚੰਗੇਰ ਵਿਚੋਂ ਪੂਣੀ ਵੀ ਨਹੀਂ ਕੱਤੀ।
ਚੇਨੱਈ ਸ਼ਹਿਰ ਵਿਚ ਪਿੱਛੇ ਜਿਹੇ ਇਕ ਅਜਿਹੀ ਘਟਨਾ ਘਟੀ ਜਿਸ ਨੂੰ ਸੁਣ ਕੇ ਕੰਨਾਂ ਨੂੰ ਇਤਬਾਰ ਨਹੀਂ ਆਉਂਦਾ ਤੇ ਮਨ ਇਸ ਸੱਚਾਈ ਨੂੰ ਮੰਨਣ ਤੋਂ ਇਨਕਾਰੀ ਹੈ।ਦੂਜੇ ਪਾਸੇ ਏਨੀ ਘਿਨਾਉਣੀ ਘਟਨਾ ਇਕ ਅਖ਼ਬਾਰ ਦਾ ਸਿਰਫ਼ ਦੋ ਇੰਚ ਥਾਂ ਹੀ ਮੱਲ ਸਕੀ। ਹੋਇਆ ਇਹ ਕਿ ਇਕ ਤੀਹ ਕੁ ਸਾਲ ਦੇ ਜਵਾਨ ਨੇ ਆਪਣੀ ਹੀ ਪਤਨੀ ਦਾ ਕਤਲ ਕਰਕੇ ਉਸ ਦੀ ਲੋਥ ਨਾਲ ਮੂੰਹ ਕਾਲਾ ਹੀ ਨਹੀਂ ਕੀਤਾ ਸਗੋਂ ਉਸ ਦੀ ਲਾਸ਼'ਤੇ ਘਰੂਟ ਤੇ ਦੰਦੀਆਂ ਵੱਢੀਆਂ। ਏਨਾ ਕੁਝ ਕਰਨ ਲਈ ਕਿਸੇ ਵੀ ਬੰਦੇ ਨੂੰ ਰਾਕਸ਼ਸ਼ ਤੋਂ ਵੀ ਭੈੜਾ ਬਨਣਾ ਪਵੇਗਾ। ਜਾਂ ਕੋਈ ਪਾਗਲ ਬੰਦਾ ਹੀ ਅਜਿਹਾ ਅਪਰਾਧ ਕਰ ਸਕਦਾ ਹੈ ਜਿਹੜਾ ਆਪਣੀ ਹੋਸ਼ ਗਵਾ ਚੁੱਕਾ ਹੋਵੇ। ਇਸ ਗਰੀਬ ਪਰਿਵਾਰ ਦੇ ਦੋ ਬੇਟੇ ਹਨ, ਇਕ ਦਸ ਸਾਲ ਦਾ ਅਤੇ ਦੂਜਾ ਸੱਤ ਸਾਲ ਦਾ। ਉਹਨਾਂ ਦਾ ਵਿਆਹ ਹੋਏ ਨੂੰ ਗਿਆਰਾਂ ਸਾਲ ਹੋ ਚੁੱਕੇ ਸਨ।ਪਤੀ ਰੇੜ੍ਹੀ'ਤੇ ਕੋਲਡ ਡਰਿੰਕ ਵੇਚਦਾ ਹੁੰਦਾ ਸੀ। ਉਸ ਦਿਨ ਨਸ਼ਾ ਕਰਕੇ ਦੁਪਹਿਰ ਵੇਲੇ ਉਹ ਘਰ ਪਹੁੰਚ ਗਿਆ।ਉਸ ਨੇ ਨਸ਼ੇ ਵਿਚ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਤਨੀ ਨੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਬਚਾ ਲਿਆ। ਫੇਰ ਪਤੀ ਨੇ ਗੁੱਸੇ ਵਿਚ ਆ ਕੇ ਪਤਨੀ ਨੂੰ ਹੁਕਮ ਦਿੱਤਾ ਕਿ ਉਹ ਉਸ ਲਈ ਖਾਣਾ ਬਣਾਵੇ। ਜਦੋਂ ਪਤਨੀ ਨੇ ਕਿਹਾ ਕਿ ਘਰ ਵਿਚ ਰਾਸ਼ਨ ਖਤਮ ਹੈ ਤਾਂ ਪਤੀ ਦੇਵ ਨੂੰ ਹੋਰ ਗੁੱਸਾ ਚੜ੍ਹ ਗਿਆ। ਗੁੱਸੇ ਵਿਚ ਆਏ ਪਤੀ ਦੇਵ ਨੇ ਪਤਨੀ ਨੂੰ ਏਨਾ ਮਾਰਿਆ ਕਿ ਉਹ ਬੇਹੋਸ਼ ਹੋ ਗਈ। ਫੇਰ ਉਸ ਨੇ ਗੁੱਸੇ ਵਿਚ ਪਾਗਲ ਹੋ ਕੇ ਪਤਨੀ ਦਾ ਗÿ ਘੁੱਟ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਪਤੀ ਦੇਵ ਨੂੰ ਹੋਸ਼ ਫੇਰ ਵੀ ਨਾ ਆਈ। ਉਸ ਪਿਛੋਂ ਉਸ ਨੇ ਪਤਨੀ ਦੀ ਲਾਸ਼ ਨਾਲ ਕੁਕਰਮ ਕੀਤਾ। ਆਪਣੀ ਹੀ ਪਤਨੀ ਜਿਹੜੀ ਉਸ ਦੇ ਦੋ ਬਚਿੱਆਂ ਦੀ ਮਾਂ ਵੀ ਸੀ ਉਸਦੀ ਲਾਸ਼ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ..! ਇੰਜ ਤਾਂ ਜਾਨਵਰ ਵੀ ਨਹੀਂ ਕਰਦੇ! ਇਸ ਸਭਿਆ ਕਹਾਂਉਂਦੀ ਦੁਨੀਆਂ ਵਿਚ ਜਾਨਵਰਾਂ ਤੋਂ ਵੀ ਭੈੜੇ ਲੋਕ ਅਜਿਹਾ ਕਿਉਂ ਕਰਦੇ ਹਨ..? ਇਹ ਇਕ ਮਨੋਵਿਗਿਆਨਕ ਅਤੇ ਅਹਿਮ ਸਵਾਲ ਹੈ।
ਸ਼ਾਇਦ ਹੀ ਦੁਨੀਆਂ ਦਾ ਕੋਈ ਅਜਿਹਾ ਦੇਸ਼, ਸ਼ਹਿਰ, ਕਸਬਾ ਜਾਂ ਪਿੰਡ ਹੋਵੇਗਾ ਜਿੱਥੇ ਇਹੋ ਜਿਹੇ ਘਿਨਾਉਣੇ ਅਪਰਾਧ ਮਰਦਾਂ ਨੇ ਔਰਤਾਂ ਤੇ ਨਾ ਕੀਤੇ ਹੋਣ। ਅਜਿਹੇ ਅਪਰਾਧਾਂ ਨੂੰ ਰੋਕਣ ਲਈ ਭਾਵੇਂ ਕਾਨੂੰਨ ਤਾਂ ਬਣਾਏ ਗਏ ਪਰ ਉਹ ਇਹਨਾਂ ਅਪਰਾਧਾਂ ਨੂੰ ਰੋਕ ਨਹੀਂ ਸਕੇ।ਆਂਕੜਿਆਂ ਅਨੁਸਾਰ ਅਜਿਹੇ ਅਪਰਾਧ ਦੁਨੀਆਂ ਵਿਚ ਵਧੇ ਹਨ, ਘਟੇ ਨਹੀਂ।ਜਾਂ ਕਹਿ ਲਓ ਕਿ ਜਾਗਰੂਕਤਾ ਵਧਣ ਨਾਲ ਕੁਝ ਫਰਕ ਪਿਆ ਹੈ ਇਸ ਲਈ ਇਹਨਾਂ ਦਾ ਪਤਾ ਹੁਣ ਲੱਗ ਜਾਂਦਾ ਹੈ ਪਹਿਲਾਂ ਨਹੀਂ ਸੀ ਲਗਦਾ, ਬੇਸ਼ਕ ਅਪਰਾਧ ਹੁੰਦੇ ਰਹਿੰਦੇ ਸਨ।ਇਹਨਾਂ ਜ਼ੁਲਮਾਂ ਦੇ ਇਤਿਹਾਸਕ ਆਕੜਿਆਂ ਅਨੁਸਾਰ ੮੫% ਔਰਤਾਂ ਇਹਨਾਂ ਦਾ ਸ਼ਿਕਾਰ ਹੁੰਦੀਆਂ ਹਨ।ਇਹਨਾਂ ਜ਼ੁਲਮਾਂ ਦਾ ਸ਼ਿਕਾਰ ਹੋਈਆਂ ਔਰਤਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।ਛੋਟੀ ਤੋਂ ਛੋਟੀ ਉਮਰ ਦੀਆਂ ਬੱਚੀਆਂ, ਜਵਾਨ, ਬੁੱਢੀਆਂ, ਨੌਕਰੀ ਪੇਸ਼ਾ, ਵਿਆਹੀਆਂ, ਕਵਾਰੀਆਂ, ਗਰੀਬ, ਅਮੀਰ; ਹਰ ਤਬਕੇ ਦੀਆਂ ਔਰਤਾਂ'ਤੇ ਇਹ ਜ਼ੁਲਮ ਮਰਦ ਕਰਦੇ ਰਹੇ ਅਤੇ ਅੱਜ ਵੀ ਕਰ ਰਹੇ ਹਨ।ਭਾਰਤ ਵਿਚ ਧਾੜਵੀ ਆ ਆ ਕੇ ਧਨ ਦੌਲਤ ਦੇ ਨਾਲ ਨਾਲ ਔਰਤਾਂ ਨੂੰ ਵੀ ਆਪਣੀ ਲੁੱਟ ਦਾ ਸ਼ਿਕਾਰ ਬਣਾ ਕੇ ਲਿਜਾਂਦੇ ਰਹੇ।ਇਕ ਅਮੀਰਜ਼ਾਦੇ ਵੱਲੋਂ ਆਪਣੀ ਹਰਮ ਵਿਚ ਅਨੇਕਾਂ ਔਰਤਾਂ ਰੱਖਣ ਦਾ ਮਤਲਬ ਇਹੋ ਸੀ ਕਿ ਔਰਤ ਮਰਦ ਦੇ ਸ਼ੋਸ਼ਣ ਦਾ ਸ਼ਿਕਾਰ ਬਣ ਚੁੱਕੀ ਸੀ।
ਸਮਾਜ ਵਿਚ ਇਹ ਜ਼ੁਲਮ ਆਰਥਿਕਤਾ ਅਤੇ ਸਮਾਜੀ ਸਭਿਆਚਾਰ ਦੇ ਤਾਣੇ ਬਾਣੇ ਤੇ ਬੜਾ ਵੱਡਾ ਤੇ ਭੈੜਾ ਅਸਰ ਕਰਦੇ ਨੇ।ਜਿੰਨ੍ਹਾਂ ਘਰਾਂ ਵਿਚ ਅਜਿਹੇ ਅਤਿਆਚਾਰ ਔਰਤਾਂ'ਤੇ ਕੀਤੇ ਜਾਂਦੇ ਨੇ ਉਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਸੂਖ਼ਮ ਮਾਨਸਿਕਤਾ ਜ਼ਖ਼ਮੀ ਹੋ ਕੇ ਕਿਵੇਂ ਤਾਰ ਤਾਰ ਹੋ ਜਾਂਦੀ ਹੈ, ਇਸ ਨੂੰ ਜਾਨਣਾ ਜ਼ਰੂਰੀ ਹੈ।ਘਰ ਵਿਚ ਆਪਣੇ ਹੀ ਨੇੜਲੇ ਰਿਸ਼ਤੇਦਾਰਾਂ ਤੇ ਆਪਣਿਆਂ ਵੱਲੋਂ ਹੀ ਕੀਤੇ ਜਾਂਦੇ ਜ਼ੁਲਮ ਦੇਖਣੇ ਇਕ ਬੱਚੇ ਦੀ ਮਾਨਸਿਕਤਾ ਤੇ ਕੀ ਅਸਰ ਕਰਦੇ ਹੋਣਗੇ? ਇਹ ਬੱਚਿਆਂ ਲਈ ਅਸਹਿ ਹੀ ਨਹੀਂ ਸਾਬਤ ਹੁੰਦੇ, ਸਗੋਂ ਉਹ ਵੱਡੇ ਹੋ ਕੇ ਮਾਨਸਿਕ ਤੌਰ ਤੇ ਬਦਲੇ ਲੈਣ ਲਈ ਅੱਗੋਂ ਆਪਣੇ ਹੀ ਬੱਚਿਆਂ ਅਤੇ ਪਰਿਵਾਰ ਨਾਲ ਬਦਸਲੂਕੀ ਤੇ ਮਾਰ ਕੁੱਟ ਕਰਨ ਦੇ ਆਦੀ ਹੋ ਜਾਂਦੇ ਹਨ।ਸੰਸਾਰ ਦੇ ਮਨੋਵਿਗਿਆਨੀਆਂ ਨੇ ਖੋਜ ਕਰਕੇ ਇਹ ਗਲ ਸਾਬਤ ਕਰ ਦਿੱਤੀ ਹੈ।ਇਹ ਭੈੜਾ ਵਰਤਾਰਾ ਉਹਨਾਂ ਦੀ ਆਦਤ ਦਾ ਇਕ ਪੱਕਾ ਹਿੱਸਾ ਬਣ ਜਾਂਦਾ ਹੈ ਤੇ ਉਹ ਆਦਤ ਤੋਂ ਮਜਬੂਰ ਹੋ ਜਾਂਦੇ ਹਨ।ਬੱਚੇ ਤਣਾਅ ਅਤੇ ਫ਼ਿਕਰ ਦਾ ਸ਼ਿਕਾਰ ਹੋ ਜਾਂਦੇ ਹਨ। ਘਰ ਵਿਚ ਪੈਦਾ ਹੋਇਆ ਹਿੰਸਕ ਮਾਹੌਲ ਉਹਨਾਂ ਨੂੰ ਕੁੱਟ ਮਾਰ ਕਰਨ ਲਈ ਉਕਸਾਉਂਦਾ ਰਹਿੰਦਾ ਹੈ। ਆਪਣੀ ਹਰ ਗੱਲ ਮੰਨਵਾਉਣ ਲਈ ਉਹ ਕੁੱਟ-ਮਾਰ ਦਾ ਸਹਾਰਾ ਲੈਣ ਲੱਗ ਪੈਂਦੇ ਨੇ।ਇਹ ਸਿਲਸਿਲਾ ਘਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ।ਆਦਤਾਂ ਪੱਕ ਜਾਂਦੀਆਂ ਹਨ ਅਤੇ ਵਾਰਿਸ ਸ਼ਾਹ ਅਨੁਸਾਰ ਭਾਵੇਂ ਪੋਰੀਆਂ ਪੋਰੀਆਂ ਕੱਟ ਦਿਓ ਫੇਰ ਬਦਲਦੀਆਂ ਨਹੀਂ।
ਦੁਨੀਆਂ ਦੇ ਸਾਰੇ ਦੇਸ਼ਾਂ (ਭਾਰਤ ਸਮੇਤ) ਦੇ ਸਕੂਲਾਂ ਵਿਚ ਬੱਚੇ ਪਸਤੌਲਾਂ ਲੈ ਕੇ ਅਪਣੇ ਹੀ ਦੋਸਤਾਂ ਨੂੰ ਕਿਉਂ ਮਾਰਦੇ ਨੇ? ਇਸ ਦੇ ਪਛੋਕੜ ਵਿਚ ਸਭ ਤੋਂ ਵੱਧ ਜ਼ਿੰਮੇਦਾਰ ਜੇ ਕੋਈ ਕਾਰਨ ਹੋ ਸਕਦੇ ਹਨ ਤਾਂ ਉਹ ਘਰੇਲੂ ਤੇ ਸਕੂਲ਼ੀ ਮਾਹੌਲ ਹੀ ਹੋ ਸਕਦਾ ਹੈ। ਕਿਉਂਕਿ ਬਚਪਨ ਵਿਚ ਬੱਚਿਆਂ ਲਈ ਦੋ ਹੀ ਥਾਂਵਾਂ ਸੁਰੱਖਿਅਤ ਹੁੰਦੀਆਂ ਹਨ-ਘਰ ਜਾਂ ਸਕੂਲ।ਇਹਨਾਂ ਦੋਹਾਂ ਥਾਵਾਂ ਦੇ ਮਾਹੌਲ ਦਾ ਅਸਰ ਹੀ ਬੱਚੇ ਦਾ ਸੂਖ਼ਮ ਦਿਮਾਗ ਕਬੂਲਦਾ ਰਹਿੰਦਾ ਹੈ।ਵੱਡੇ ਬੱਚਿਆਂ/ਜਵਾਨਾਂ ਵਿਚ ਅਜਿਹੀ ਹਿੰਸਕ ਪਰਵਿਰਤੀ ਦਾ ਅਸਰ ਅਸੀਂ ਕਾਲਜਾਂ ਵਿਚ ਅੱਜ ਕਲ੍ਹ ਹੋ ਰਹੀ ਰੈਗਿੰਗ (ਭੈੜੀ ਛੇੜਖਾਨੀ) ਦੇ ਰੂਪ ਵਿਚ ਦੇਖ ਸਕਦੇ ਹਾਂ।ਰੈਗਿੰਗ ਵਿਚ ਕਈ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ।ਹਿਮਾਚਲ ਪਰਦੇਸ਼ ਦੇ ਇਕ ਕਾਲਜ ਵਿਚ ਰੈਗਿੰਗ ਕਰਕੇ ਇਕ ਸੁਹਣੇ ਮੁੰਡੇ ਦੀ ਜਾਨ ਚਲੀ ਗਈ।ਸੁਪਰੀਮ ਕੋਰਟ ਦੇ ਇਕ ਪੈਨਲ ਨੇ ਕਿਹਾ ਹੈ ਕਿ ਰੈਗਿੰਗ ਦੇ ਸਿੱਧੇ ਕਾਰਨ ਨਸ਼ਿਆਂ ਨਾਲ ਵੀ ਜਾ ਜੁੜਦੇ ਹਨ। ਸੁਪਰੀਮ ਕੋਰਟ ਦੇ ਰੈਗਿੰਗ ਖਿਲਾਫ਼ ਫ਼ੈਸਲਿਆਂ ਦਾ ਇਸ ਹਿੰਸਾ ਤੇ ਅਜੇ ਤਕ ਕੋਈ ਅਸਰ ਹੋਇਆ ਨਜ਼ਰ ਨਹੀਂ ਆਉਂਦਾ। ਰੈਗਿੰਗ ਅੱਜ ਵੀ ਜਾਰੀ ਹੈ। ਦੱਖਣੀ ਭਾਰਤ ਦੇ ਇਕ ਕਾਲਜ ਵਿਚ ਇਕ ਬੱਚੇ ਨੂੰ ਰੈਗਿੰਗ ਕਰਕੇ ਏਨਾ ਮਾਰਿਆ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਹੀ ਚਲੀ ਗਈ।ਉਤੋਂ ਬਲਦੀ'ਤੇ ਤੇਲ ਪਾਉਣ ਦਾ ਕੰਮ ਅਜ ਕਲ ਚੋਣਾਂ ਦੇ ਗਰਮ ਮਾਹੌਲ ਸਮੇਂ ਸਾਡੇ ਸਿਆਸਤਦਾਨ ਬੜੀ ਬਖੂਬੀ ਨਾਲ ਕਰ ਰਹੇ ਹਨ।ਵੱਡੇ ਵੱਡੇ ਲੀਡਰ ਇਕ ਦੂਜੇ ਨੂੰ ਸਿਰਫ਼ ਗੰਦੀਆਂ ਗਾਲ੍ਹਾਂ ਨਹੀਂ ਕੱਢਦੇ, ਪਰ ਉਸ ਹੱਦ ਤੱਕ ਪਹੁੰਚਣ ਲਈ ਕਸਰ ਫੇਰ ਵੀ ਕੋਈ ਨਹੀਂ ਰਹਿਣ ਦਿੱਤੀ ਜਾਂਦੀ। ਲੀਡਰਾਂ ਦੇ ਬਿਆਨ ਸੁਣ ਕੇ ਤਾਂ ਅੱਜ ਕਲ ਆਮ ਆਦਮੀ ਨੂੰ ਵੀ ਸ਼ਰਮ ਆ ਜਾਂਦੀ ਹੈ। ਪਰ ਅਸਰ ਤਾਂ ਉਹਨਾਂ ਦੀਆਂ ਤਕਰੀਰਾਂ ਦਾ ਲੋਕਾਂ'ਤੇ ਹੁੰਦਾ ਹੀ ਹੈ। ਉਹ ਵੀ ਕੋਈ ਚੰਗਾ ਤਾਂ ਹੁੰਦਾ ਨਹੀਂ।ਟੀ.ਵੀ. ਚੈਨਲਾਂ'ਤੇ ਇਕ ਪਾਰਟੀ ਦੇ ਲੋਕ ਦੂਜੀ ਪਾਰਟੀ'ਤੇ ਚਿੱਕੜ ਸੁੱਟਦੇ ਹਰ ਰੋਜ਼ ਦੇਖੇ ਜਾ ਸਕਦੇ ਹਨ।ਇਹੋ ਜਿਹੇ ਲੋਕ ਭਾਰਤ ਦੇ ਨਾਗਰਿਕਾਂ ਦੀਆਂ ਵੋਟਾਂ ਲੈ ਕੇ ਜੇ ਜਿੱਤ ਵੀ ਗਏ ਤਾਂ ਜਿਹੋ ਜਿਹੀ ਬੋਲੀ ਉਹ ਅੱਜ ਬੋਲ ਰਹੇ ਨੇ, ਓਹੋ ਜਿਹੇ ਹੀ ਕੰਮ ਉਹ ਕਲ੍ਹ ਨੂੰ ਪਾਰਲੀਮੈਂਟ ਵਿਚ ਜਾ ਕੇ ਕਰਨਗੇ ਜਿਸ ਨੂੰ ਦੇਖ ਕੇ ਅਸਰ ਘਰਾਂ ਦੇ ਅੰਦਰ ਤਕ ਪਹੁੰਚਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਕਹਿਣ ਦਾ ਮਤਲਬ ਇਹੋ ਕਿ ਇਹ ਬੰਦੇ ਦਾ ਆਲੇ ਦੁਆਲੇ ਦਾ ਮਾਹੌਲ ਹੀ ਹੁੰਦਾ ਹੈ ਜਿਹੜਾ ਸਮੁੱਚੇ ਭਾਈਚਾਰੇ, ਉਸ ਸਮਾਜ, ਤਬਕੇ , ਘਰੇਲੂ ਮਾਹੌਲ ਅਤੇ ਦੇਸ਼ ਦੀ ਤਸਵੀਰ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਬਣਾਉਂਦਾ ਜਾਂ ਵਿਗਾੜਦਾ ਹੈ।
ਕੋਈ ਕਹਿੰਦਾ ਹੈ ਕਿ ਭਾਰਤ ਦਾ ਕਾਲਾ ਧਨ ਜਿਹੜਾ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਪਿਆ ਹੈ ਉਹ ਵਾਪਸ ਲੈ ਕੇ ਆਓ। ਹੋਰ ਤਾਂ ਹੋਰ ਬਾਬਾ ਰਾਮ ਦੇਵ ਵਰਗੇ ਯੋਗ ਗੁਰੂ ਵੀ ਇਹਨਾਂ ਚੱਕਰਾਂ ਵਿਚ ਪੈ ਕੇ ਲੈਕਚਰ ਦੇਂਦੇ ਫਿਰ ਰਹੇ ਨੇ ਕਿ ਐਨੇ ਹਜ਼ਾਰ/ਲੱਖ ਕਰੋੜ ਰੁਪਿਆ ਦੇਸ਼ ਦੇ ਨਾਗਰਿਕਾਂ ਨੂੰ ਮਿਲੇਗਾ। ਉਸ ਨੇ ਇਸ ਦਾ ਹੱਲ ਵੀ ਇਕ ਸਿਆਸੀ ਪਾਰਟੀ ਖੜ੍ਹੀ ਕਰਕੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਲੱਭਣ ਦੇ ਦਾਵੇ ਕੀਤੇ ਨੇ।ਲੋਕਾਂ ਨੂੰ ਮਾਇਆ ਤੋਂ ਦੂਰ ਰਹਿਣ ਲਈ ਮੱਤਾਂ ਦੇਣ ਵਾਲੇ ਦੇਖੋ ਕਿਵੇਂ ਲੋਕਾਂ ਨੂੰ ਮਾਇਆ ਪਿੱਛੇ ਲਾਉਣ ਲਈ ਜ਼ੋਰ ਲਾਈ ਜਾ ਰਹੇ ਨੇ! ਕੀ ਇਹਨਾਂ ਨੂੰ ਸਿਰਫ਼ ਪੈਸਾ ਹੀ ਨਜ਼ਰ ਆਉਂਦਾ ਹੈ, ਉਹ ਗਰੀਬ ਲੋਕ ਨਜ਼ਰ ਨਹੀਂ ਆਉਂਦੇ ਜਿੰਨਾਂ ਕੋਲ ਖਾਣ ਨੂੰ ਇਕ ਵੇਲੇ ਦੀ ਰੋਟੀ ਵੀ ਨਹੀਂ? ਜਿਨ੍ਹਾਂ ਤੋਂ ਵੋਟਾਂ ਮੰਗ ਕੇ ਇਹ ਜਿੱਤਣਾ ਚਾਹੁੰਦੇ ਹਨ, ਉਹਨਾਂ ਦੀ ਗੱਲ ਕਰਦਿਆਂ, ਇਹਨਾਂ ਨੂੰ ਹੁਣ ਵੀ ਸ਼ਰਮ ਕਿਉਂ ਆਉਂਦੀ ਹੈ? ਉਹ ਗਰੀਬੀ ਕਿਵੇਂ ਹਟਾ ਲੈਣਗੇ ਜਿਹੜੇ ਗਰੀਬੀ ਦੀ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ? ਇਹ ਉਹ ਦੇਸ਼ ਹੈ ਜਿੱਥੇ ਲੋਕ ਪੱਛਮੀ ਦੇਸ਼ਾਂ ਤੋਂ ਮਨ ਦੀ ਸ਼ਾਂਤੀ ਲੱਭਣ ਆਉਂਦੇ ਨੇ। ਪਰ ਏਧਰ ਇਹਨਾਂ ਪੂਰਬੀ ਦੇਸ਼ਾਂ ਵਿਚ ਹਾਲ ਇਹ ਹੈ ਕਿ ਪਾਕਿਸਤਾਨ ਵਿਚ ਰੋਜ਼ ਬੰਬ ਫਟ ਰਹੇ ਹਨ, ਤਾਲਿਬਾਨ ਇਸਲਾਮ ਦੇ ਨਾਂ'ਤੇ ਇਨਸਾਨੀਅਤ ਦਾ ਘਾਣ ਕਰੀ ਜਾ ਰਿਹੈ। ਕਲ੍ਹ ਓਥੇ ਕੀ ਹੋਵੇਗਾ ਪਤਾ ਨਹੀਂ।ਬੰਗਲਾ ਦੇਸ਼ ਤੇ ਸ੍ਰੀ ਲੰਕਾ ਵਿਚ ਵੀ ਹਿੰਸਾ ਫੈਲੀ ਹੋਈ ਹੈ।ਇਸ ਹਿੰਸਾ ਦੇ ਕਾਰਨ ਕਿਧਰੇ ਡੂੰਘੀ ਥਾਂ ਪਏ ਹੋਏ ਨੇ ਜਿੰਨ੍ਹਾਂ ਨੂੰ ਲੱਭਣਾ ਤੇ ਉਹਨਾਂ ਤੇ ਵਿਚਾਰ ਕਰਨੀ ਜ਼ਰੂਰੀ ਹੈ।
ਜਿਵੇਂ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਓਸੇ ਤਰ੍ਹਾਂ ਹੀ ਮਾਰ-ਕੁੱਟ ਕਰਨ ਵਾਲੇ ਜ਼ਾਲਮ ਮਰਦਾਂ ਬਾਰੇ ਵੀ ਕੁਝ ਕਹਿਣਾ, ਓਨਾ ਹੀ ਮੁਸ਼ਕਲ ਹੈ। ਇਹ ਮਰਦ ਦੁਨੀਆ ਦੇ ਹਰ ਸਮਾਜ ਵਿਚ ਮੌਜੂਦ ਹਨ।ਗੁਆਂਢੀਆਂ ਜਾਂ ਮੁਹੱਲੇ ਵਾਲਿਆਂ ਨੂੰ ਇਹ ਲੋਕ ਚੁੱਪ-ਚੁਪੀਤੇ, ਆਪਣੇ ਪਰਿਵਾਰ ਦਾ ਖਿਆਲ ਰੱਖਣ ਵਾਲੇ ਤੇ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਾਲੇ, ਬਾਹਰੋਂ ਭਾਵੇਂ ਲਗਦੇ ਹੋਣ, ਪਰ ਅੰਦਰ ਇਹਨਾਂ ਦੇ ਕੀ ਹੈ ਕਿਸੇ ਨੂੰ ਨਹੀਂ ਪਤਾ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਮਰਦ ਆਪਣੇ ਬਾਰੇ ਕੋਈ ਚੰਗੀ ਰਾਏ ਨਹੀਂ ਰਖਦੇ। ਕੋਈ ਅਜਿਹਾ ਮਰਦ ਜਦੋਂ ਨਸ਼ੇ ਵਿਚ ਘਰੇ ਆ ਕੇ ਪਤਨੀ ਤੇ ਬੱਚਿਆਂ ਦੀ ਮਾਰ-ਕੁੱਟ ਕਰਦਾ ਹੈ ਤਾਂ ਦੂਜੇ ਦਿਨ ਉਹ ਪਹਿਲੇ ਦਿਨ ਦੀਆਂ ਕਰਤੂਤਾਂ ਤੇ ਇਹ ਕਹਿ ਕੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ 'ਮੈਂ ਤਾਂ ਨਸ਼ੇ ਵਿਚ ਸਾਂ, ਮੈਨੂੰ ਨਹੀਂ ਪਤਾ ਮੈਂ ਕੀ ਕਰ ਰਿਹਾ ਸਾਂ।ਤੁਸੀਂ ਮੈਨੂੰ ਹੱਥ ਚੁਕਣ ਲਈ ਮਜਬੂਰ ਕਰ ਦਿੱਤਾ ਸੀ' ਬਜਾਏ ਆਪਣਾ ਦੋਸ਼ ਮੰਨਣ ਦੇ ਉਹ ਨਸ਼ੇ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਜਾਂ ਘਰਦਿਆਂ ਨੂੰ। ਕੁਝ ਕੁ ਤਾਂ ਇਸ ਤੋਂ ਵੀ ਦੋ ਕਦਮ ਇਹ ਕਹਿ ਕੇ ਅੱਗੇ ਵਧ ਜਾਂਦੇ ਹਨ ਕਿ ਝਗੜਾ ਤਾਂ ਪਹਿਲਾਂ ਘਰ ਵਿਚ ਦੂਜਿਆਂ ਵੱਲੋਂੇ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਸਜ਼ਾ ਉਸ ਨੇ ਉਹਨਾਂ ਨੂੰ ਦਿੱਤੀ ਹੈ,ਕਿਉਂਕਿ ਉਹ ਘਰ ਦਾ ਮਾਲਕ ਜੋ ਹੈ। ਉਸ ਦੀ ਆਪਣੀ ਗਲਤੀ ਲਈ ਨਸ਼ਾ ਜਾਂ ਕੁੱਟ ਖਾਣ ਵਾਲੇ ਹੀ ਜ਼ਿੰਮੇਦਾਰ ਬਣ ਜਾਂਦੇ ਹਨ। ਅਜਿਹੀਆਂ ਘਟਨਾਵਾਂ ਪਿੱਛੋਂ ਘਰ ਵਿਚ ਅਕਸਰ ਇਹ ਸੋਚ ਉੱਭਰ ਆਉਂਦੀ ਹੈ ਕਿ ਫੇਰ ਮੁੜ ਕੇ ਅਜਿਹੀਆਂ ਹਿੰਸਕ ਘਟਨਾਵਾਂ ਨਹੀਂ ਹੋਣਗੀਆਂ। 'ਰਾਤ ਗਈ ਬਾਤ ਗਈ' ਵਾਲੀ ਗੱਲ ਬਣ ਜਾਂਦੀ ਹੈ।ਪਰ ਬਿਨਾਂ ਸਮਝਦਾਰੀ ਅਤੇ ਜ਼ਿੰਮੇਦਾਰੀ ਦੇ ਅਹਿਸਾਸ ਤੋਂ, ਅਜਿਹੀ ਸੋਚ ਠੀਕ ਨਹੀਂ ਹੁੰਦੀ। ਉਸ ਪਿੱਛੋਂ ਤਾਂ ਸਗੋਂ ਹਿੰਸਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁੱਟ ਮਾਰ ਕਰਨ ਵਾਲਾ ਆਪਣੀ ਮਾਰ-ਕੁੱਟ ਦੀ ਹੱਦ ਨੂੰ ਹਰ ਵਾਰੀ ਥੋੜਾ ਜਿਹਾ ਹੋਰ ਅੱਗੇ, ਹਰ ਵਾਰੀ ਵਧਾਉਂਦਾ ਰਹਿੰਦਾ ਹੈ। ਭੈੜਾ ਸਿਲਸਿਲਾ ਜਾਰੀ ਰਹਿੰਦਾ ਹੈ।ਘਰ ਦੇ ਜੀਅ ਚੁੱਪ ਰਹਿੰਦੇ ਰਹਿੰਦੇ ਚੁੱਪ ਰਹਿਣਾ ਸਿੱਖ ਜਾਂਦੇ ਨੇ।ਕੁਝ ਵੀ ਹੋਵੇ ਘਰੇਲੂ ਹਿੰਸਾ ਦੇ ਕਾਰਨ ਸਿੱਧੇ ਨਸ਼ਿਆਂ ਨਾਲ ਵੀ ਜਾ ਜੁੜਦੇ ਹਨ।
ਇਹ ਸਵਾਲ ਵੀ ਅਕਸਰ ਸਾਹਮਣੇ ਆ ਖੜੋਂਦਾ ਹੈ ਕਿ ਆਖਰ ਕੋਈ ਵੀ ਔਰਤ, ਕਿਉਂ ਕੁੱਟ ਖਾਣ ਲਈ ਮਜਬੂਰ ਹੋ ਜਾਂਦੀ ਹੈ? ਉਹ ਅੱਗੋਂ ਕੁਝ ਕਹਿੰਦੀ/ਕਰਦੀ ਕਿਉਂ ਨਹੀਂ, ਜਾਂ ਆਪਣੇ ਪਤੀ ਨੂੰ ਛੱਡ ਕੇ ਕਿਉਂ ਨਹੀਂ ਚਲੀ ਜਾਂਦੀ? ਇਸ ਦੇ ਕਾਰਨ ਜਾਨਣੇ ਵੀ ਜ਼ਰੂਰੀ ਹਨ।ਕਈ ਅਜਿਹੇ ਕਾਰਨ ਹਨ ਜਿਸ ਕਰਕੇ ਹਿੰਸਕ ਰਿਸ਼ਤਿਆਂ ਨੂੰ ਲੋਕ ਕਬੂਲ ਕਰ ਲੈਂਦੇ ਹਨ। ਜਿਵੇਂ ਕੋਈ ਕਿਸੇ ਨੂੰ ਬੇਹੱਦ ਪਿਆਰ ਕਰਦਾ ਹੋਵੇ, ਡਰਦਾ ਹੋਵੇ (ਡਰ ਕਿਸੇ ਵੀ ਗੱਲ ਦਾ ਹੋ ਸਕਦਾ ਹੈ), ਆਤਮ ਸਨਮਾਨ ਜਾਂ ਘੁਮੰਡ ਕਹਿ ਲਓ, ਉਸ ਕਰਕੇ ਵੀ, ਦੂਜੇ ਪ੍ਰਤੀ ਵਫ਼ਾਦਾਰੀ, ਪਸ਼ੇਮਾਨੀ, ਬੱਚਿਆਂ ਦੇ ਭਵਿੱਖ ਦੀ ਖਾਤਰ, ਇਸ ਤੋਂ ਇਲਾਵਾ(ਕੋਈ ਹੋਰ ਰਾਹ ਵੀ ਨੇ) ਉਸ ਦੀ ਜਾਣਕਾਰੀ ਤੋਂ ਅਣਜਾਣ ਹੋਣਾ, ਹੀਣ ਭਾਵਨਾ ਜਾਂ ਇਹਨਾਂ ਕਾਰਨਾਂ ਦੇ ਰਲੇ ਮਿਲੇ ਅਸਰਾਂ ਕਰਕੇ ਹੀ ਮਜਬੂਰੀਆਂ ਬਣ ਖੜੋਂਦੀਆਂ ਹਨ।ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਔਰਤ ਅਕਸਰ ਇਹ ਸੋਚਦੀ ਰਹਿੰਦੀ ਹੈ ਕਿ ਮਰਦ ਬਦਲ ਜਾਵੇਗਾ, ਪਰ ਅਜਿਹਾ ਹੁੰਦਾ ਨਹੀਂ। ਕਈ ਔਰਤਾਂ ਤਾਂ ਸਾਰੀ ਉਮਰ ਉਸ ਦਮਘੋਟੂ ਮਾਹੌਲ ਵਿਚ ਆਪਣੇ ਜੀਵਨ ਨੂੰ ਕਿਸਮਤ ਦੀ ਦਾਤ ਸਮਝ ਕੇ ਮੌਤ ਨੂੰ ਨੇੜੇ ਕਰਦੀਆਂ ਰਹਿੰਦੀਆਂ ਹਨ। ਪਿੰਡਾਂ ਵਿਚ ਦਕੀਆਨੂਸੀ ਘਰਾਂ ਵਿਚ ਜੇ ਕਿਸੇ ਕੁੜੀ ਦੇ ਸਿਰ ਤੋਂ ਚੁੰਨੀ ਵੀ ਲਹਿ ਜਾਵੇ ਤਾਂ ਉਸ ਬੇਕਸੂਰ ਨੂੰ ਮਾਰ ਪੈ ਜਾਂਦੀ ਹੈ।ਮੁੰਡਾ ਭਾਵੇਂ ਨੰਗਾ ਤੁਰਿਆ ਫਿਰੇ ਉਸ ਨੂੰ ਕੋਈ ਕੁਝ ਨਹੀਂ ਕਹਿੰਦਾ, ਸਗੋਂ ਉਹਦਾ ਨੰਗੇਜ ਦੇਖ ਦੇਖ ਘਰ ਵਾਲੇ ਫ਼ਖ਼ਰ ਨਾਲ ਹਸਦੇ ਦੇਖੇ ਜਾ ਸਕਦੇ ਹਨ।ਤਾਲਿਬਾਨੀਆਂ ਨੇ ਤਾਂ ਇਹਨਾਂ ਮਾਮਲਿਆਂ ਵਿਚ ਅੱਤ ਚੁੱਕੀ ਹੋਈ ਹੈ। ਇਸ ਦੇ ਸਾਹਮਣੇ ਔਰਤਾਂ ਲਈ ਹੱਕ ਬਰਾਬਰੀ ਦੇ ਸਾਰੇ ਦਾਅਵੇ ਝੂਠੇ ਨਜ਼ਰ ਆਉਂਦੇ ਨੇ! ਏਨੇ ਜ਼ੁਲਮ, ਏਨੀ ਕਰੂਰਤਾ ਕਿਉਂ ਹੈ? ਕੋਈ ਹੈ ਜਵਾਬ..?
ਹੋਰ ਵੀ ਕਾਰਨ ਹਨ ਜਿਨ੍ਹਾਂ ਕਰਕੇ ਔਰਤਾਂ ਮਜਬੂਰ ਕੀਤੀਆਂ/ਹੋ ਜਾਂਦੀਆਂ ਹਨ।ਛੋਟੇ ਬੱਚਿਆਂ ਦੀਆਂ ਮਾਵਾਂ, ਮਮਤਾ ਵੱਸ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਮਰਦਾਂ'ਤੇ ਨਿਰਭਰ ਕਰਦੀਆਂ ਹਨ।ਬੱਚਿਆਂ ਨੂੰ ਸਾਂਭਣ ਲਈ ਉਹ ਘਰ ਦੀਆਂ ਚਾਰ ਕੰਧਾਂ ਦੀ ਕੈਦ ਵੀ ਹੱਸ ਕੇ ਕਬੂਲ ਕਰ ਲੈਂਦੀ ਹੈ। ਬੱਚਿਆਂ ਦੀ ਖਾਤਰ ਉਹ ਜ਼ੁਲਮ ਸਹਿਣ ਲਈ ਤਿਆਰ ਹੋ ਜਾਂਦੀ ਹੈ, ਜਿਹੜੇ ਪਹਿਲਾਂ ਡਾਂਟ-ਡਪਟ ਤੋਂ ਸ਼ੁਰੂ ਹੁੰਦੇ ਹਨ ਪਰ ਮਗਰੋਂ ਜਾ ਕੇ ਕੁੱਟ-ਮਾਰ ਤੋਂ ਵੀ ਅੱਗੇ ਨਿਕਲ ਜਾਂਦੇ ਹਨ। ਜਿਹੜੀਆਂ ਔਰਤਾਂ ਨੌਕਰੀ ਕਰ ਸਕਦੀਆਂ ਹਨ ਉਹ ਫੇਰ ਵੀ ਅਜਿਹਾ ਕਦਮ ਚੱਕਣ ਲਈ ਸੋਚ ਸਕਦੀਆਂ ਹਨ ਕਿ ਜੇ ਉਹ ਆਪਣੇ ਬੱਚੇ ਦੀ ਪਰਵਰਿਸ਼ ਕਰਨ ਲਾਇਕ ਹਨ ਤਾਂ ਜ਼ੁਲਮ ਸਹਿਣਾ ਮਜਬੂਰੀ ਨਹੀਂ ਹੋ ਸਕਦੀ।ਪਰ ਇੱਕਲੀਆਂ ਔਰਤਾਂ ਦਾ ਅਜਿਹੇ ਸਮਾਜ ਵਿਚ ਰਹਿ ਸਕਣਾ ਵੀ ਆਪਣੇ ਆਪ ਵਿਚ ਇਕ ਵੱਡੀ ਸੱਮਸਿਆ ਬਣੀ ਹੋਈ ਹੈ। ਕਈ ਔਰਤਾਂ ਨੂੰ ਇਹ ਗੱਲ ਮੰਨਦਿਆਂ ਸ਼ਰਮ ਆਉਂਦੀ ਹੈ ਕਿ ਉਹ ਆਪਣੇ ਪਤੀ ਤੋਂ ਕੁੱਟ ਖਾਂਦੀਆਂ ਹਨ।ਜਾਂ ਉਹ ਇਹ ਵੀ ਨਹੀਂ ਕਹਿ ਸਕਦੀਆਂ ਕਿ ਉਹਨਾਂ ਨੇ ਕਿਸੇ ਗਲਤ ਮਰਦ ਨਾਲ ਵਿਆਹ ਕਰਵਾ ਲਿਆ ਹੈ।ਮਰਦ ਸਮਾਜ ਨੇ ਔਰਤ ਲਈ ਲਗਦਾ ਹੈ ਸਾਰੇ ਬੂਹੇ ਬੰਦ ਕਰਨ ਦੇ ਪੱਕੇ ਇੰਤਜ਼ਾਮ ਕੀਤੇ ਹੋਏ ਹਨ। ਸਮਾਜਿਕ ਕਦਰਾਂ ਕੀਮਤਾਂ, ਧਾਰਮਿਕ ਪਰੰਪਰਾਵਾਂ ਤੇ ਸਵੈ-ਸੋਚ, ਵੀ ਕੁਝ ਅਜਿਹੇ ਕਾਰਨ ਹਨ ਜਿੰਨ੍ਹਾਂ ਕਰਕੇ ਘਰੇਲੂ ਹਿੰਸਾ ਦੇ ਹੱਲ ਲੱਭਣੇ ਮੁਸ਼ਕਲ ਜਾਪਦੇ ਹਨ। ਕਈ ਤਾਂ ਮਰਦ ਦੇ ਲਾਰਿਆਂ ਪਿੱਛੇ ਲੱਗ ਕੇ ਹੀ ਸਾਰੀ ਉਮਰ ਗਾÿ ਲੈਂਦੀਆਂ ਹਨ, ਜਿਹੜਾ ਹਰ ਵਾਰੀ ਮਾਰ-ਕੁੱਟ ਕਰਕੇ ਹੱਥ ਜੋੜ ਕੇ ਮਾਫ਼ੀ ਮੰਗ ਕੇ ਸੁਧਰ ਜਾਣ ਦੀਆਂ ਸੌਂਹਾਂ ਖਾ ਕੇ ਵੀ ਨਹੀਂ ਬਦਲਦਾ। ਸ਼ਰਮ ਅਤੇ ਪਸ਼ੇਮਾਨੀ ਵੀ ਘਰਾਂ ਵਿਚ ਹੋ ਰਹੀ ਹਿੰਸਾ ਤੇ ਪੜਦੇ ਬਣ ਕੇ ਇਸ ਨੂੰ ਢੱਕੀ ਰਖਦੇ ਹਨ। ਇਹ ਇਕ ਵੱਡੀ ਸੱਚਾਈ ਹੈ।
ਅਖੀਰ ਸਭ ਤੋਂ ਵੱਡਾ ਇਕ ਹੋਰ ਕਾਰਨ ਵੀ ਹੈ ਜਿਹੜਾ ਔਰਤਾਂ ਨੂੰ ਹਿੰਸਕ ਰਿਸ਼ਤੇ ਕਬੂਲ ਕਰਨ ਲਈ ਮਜਬੂਰ ਕਰਦਾ ਹੈ।ਉਹ ਇਹ ਕਿ ਜਦੋਂ ਵੀ ਕੋਈ ਔਰਤ ਅਜਿਹੇ ਰਿਸ਼ਤੇ ਤੋੜ ਕੇ ਭੱਜਦੀ ਹੈ ਤਾਂ ਉਸ ਨੂੰ ਆਪਣਾ ਜੀਵਨ ਬਦ ਤੋਂ ਬਦਤਰ ਹੋਣ ਦਾ ਡਰ ਵੱਢ ਵੱਢ ਖਾਂਦਾ ਹੈ। ਉਸ ਦੇ ਨਾਲ ਜੁੜੇ ਰਿਸ਼ਤੇਦਾਰਾਂ ਦਾ ਰੱਵਈਆ ਹੀ ਬਦਲ ਜਾਂਦਾ ਹੈ।ਸਾਰੇ ਅੱਖਾਂ ਫੇਰਨ ਲੱਗ ਪੈਂਦੇ ਹਨ। ਮਾਪੇ ਕੁਮਾਪੇ ਬਣ ਜਾਂਦੇ ਹਨ।ਦੂਜੇ ਪਾਸੇ ਜੇ ਮਾਰ-ਕੁੱਟ ਕਰਨ ਵਾਲੇ ਭੈੜੇ ਮਰਦ ਨੂੰ ਇਹ ਸ਼ੱਕ ਪੈ ਜਾਵੇ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਜਾਵੇਗੀ ਤਾਂ ਉਹ ਸਮਾਂ ਔਰਤ ਲਈ ਸਭ ਤੋਂ ਖਤਰਨਾਕ ਸਾਬਤ ਇਸ ਲਈ ਹੁੰਦਾ ਹੈ ਕਿ ਉਹੋ ਜਿਹੇ ਮਰਦ ਆਪਣੀਆਂ ਪਤਨੀਆਂ ਦੀ ਕੁੱਟ ਮਾਰ ਵਿਚ ਹੋਰ ਵਾਧਾ ਕਰਨ ਲੱਗ ਪੈਂਦੇ ਹਨ। ਇਸ ਗੱਲ ਦਾ ਗੁੱਸਾ ਉਹਨਾਂ ਨੂੰ ਪਾਗਲਪਣ ਵਲ ਧੱਕਦਾ ਰਹਿੰਦਾ ਹੈ ਕਿ ਜੇ ਉਹ ਚਲੀ ਗਈ ਤਾਂ ਉਹ ਆਪਣੇ ਗੁੱਸੇ ਦਾ ਸ਼ਿਕਾਰ ਫੇਰ ਕਿਸ ਨੂੰ ਬਣਾਏਗਾ? ਇਹੋ ਜਿਹੇ ਮਰਦਾਂ ਨੂੰ ਮਰਦ ਅਖਵਾਉਣ ਦਾ ਕੀ ਹੱਕ ਹੈ? ਇਕ ਆਪਣੇ ਤੋਂ ਕਮਜ਼ੋਰ ਇਨਸਾਨ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਕੋਈ ਚੰਗਾ ਮਰਦ ਅਖਵਾਉਣ ਵਾਲਾ ਇਨਸਾਨ ਕਦੇ ਵੀ ਨਹੀਂ ਬਨਾਉਣਾ ਚਾਹੇਗਾ।ਇਹ ਗੱਲ ਵੀ ਨਹੀਂ ਕਿ ਹਰ ਘਰ ਵਿਚ ਮਰਦ ਹੀ ਔਰਤਾਂ'ਤੇ ਜ਼ੁਲਮ ਕਰਦੇ ਰਹਿੰਦੇ ਨੇ। ਅਸੀਂ ਜਾਣਦੇ ਹਾਂ ਕਿ ਨੂੰਹ ਸੱਸ ਦਾ ਰਿਸ਼ਤਾ ਜੇ ਬਦਨਾਮ ਹੈ ਤਾਂ ਉਸ ਦੇ ਕਾਰਨ ਵੀ ਨੇ। ਇਕ ਪਾਸੇ ਮਾਂ ਆਪਣੇ ਪੁੱਤਰ ਨੂੰ ਪੈਦਾ ਕਰਕੇ ਪਾਲ ਪੋਸ ਕੇ ਵੱਡਾ ਕਰਦੀ ਹੈ ਤਾਂ ਉਹ ਇਸ ਗੱਲ ਦੀ aਮੀਦ ਵੀ ਰਖਦੀ ਹੈ ਕਿ ਉਸ ਦਾ ਪੁੱਤਰ ਵੱਡਾ ਹੋ ਕੇ ਉਸ ਦਾ ਖਿਆਲ ਰੱਖੇਗਾ ਉਸ ਦੇ ਕਹਿਣੇ ਵਿਚ ਚੱਲੇਗਾ। ਦੂਜੇ ਪਾਸੇ ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਨੇ ਬਾਕੀ ਸਾਰੀ ਉਮਰ ਆਪਣੀ ਜੀਵਨ ਸਾਥਣ ਨਾਲ ਵੀ ਆਪਣੇ ਪਰਿਵਾਰ ਦੀ ਪਰਵਰਿਸ਼ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹੁੰਦੀਆਂ ਹਨ। ਜਿਹੜੇ ਘਰ ਵਿਚ ਲੋਕਾਂ ਨੂੰ ਆਪਣੇ ਰਿਸ਼ਤਿਆਂ ਦੀ ਪਛਾਣ ਦਾ ਅਹਿਸਾਸ ਹੋਵੇ ਉਹ ਇਕ ਕਦਮ ਅੱਗੇ ਹੋ ਕੇ ਇਕ ਦੂਜੇ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਅਜਿਹੇ ਘਰਾਂ ਵਿਚ ਕਿਸੇ ਝਗੜੇ ਦੀ ਨੌਬਤ ਨਹੀਂ ਆਉਂਦੀ। ਪਰ ਜਿੱਥੇ ਲੋਕ ਆਪਣਾ ਹੱਕ ਜਮਾਉਣ ਲੱਗ ਪੈਣ ਓਥੇ ਗੜਬੜ ਹੋ ਜਾਂਦੀ ਹੈ। ਮਾਂ ਜਦੋਂ ਪੁੱਤਰ'ਤੇ ਆਪਣਾ ਹੱਕ ਜਮਾਂਉਂਦੀ ਹੈ ਤਾਂ ਪਤਨੀ ਨੂੰ ਵੀ ਖਤਰਾ ਖੜ੍ਹਾ ਹੋ ਜਾਂਦਾ ਹੈ।ਜਦੋਂ ਉਹ ਖਤਰੇ ਨੂੰ ਟਾਲਣ ਦੇ ਉਪਰਾਲੇ ਕਰਦੀ ਹੈ ਤਾਂ ਘਰ ਵਿਚ ਤਲਖ਼ੀਆਂ ਪੈਦਾ ਹੋ ਜਾਂਦੀਆਂ ਹਨ। ਨਾ ਸਿਰਫ਼ ਰਿਸ਼ਤਿਆਂ ਵਿਚ ਫ਼ਿਕ ਪੈਂਦੀ ਹੈ ਘਰ ਦਾ ਮਾਹੌਲ ਵੀ ਗÿ-ਘੋਟੂ ਹੋ ਜਾਂਦਾ ਹੈ। ਉਸ ਘਰ ਵਿਚ ਜੇ ਮਰਦ ਆਪਣੀ ਮਾਂ ਅਤੇ ਪਤਨੀ ਵਾਲੇ ਰਿਸ਼ਤਿਆਂ ਨੂੰ ਸਮਝ ਕੇ ਰਿਸ਼ਤਿਆਂ ਵਿਚ ਤਾਲ ਮੇਲ ਰੱਖਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਘਰ ਵਿਚ ਸੁਖ ਸ਼ਾਂਤੀ ਬਰਕਰਾਰ ਰਹਿੰਦੀ ਹੈ। ਜਿਉਂ ਹੀ ਉਹ ਕਿਸੇ ਇਕ ਪਾਸੇ ਵੱਲ ਝੁਕ ਕੇ ਸੰਤੁਲਨ ਵਿਗਾੜ ਲੈਂਦਾ ਹੈ ਤਾਂ ਘਰ ਵਿਚ ਮਾਹੌਲ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਲੋਕ ਰਿਸ਼ਤਿਆਂ ਦੀ ਸੂਖਮਤਾ ਨੂੰ ਪਛਾਣ ਕੇ ਚਲਦੇ ਹਨ ਉਹਨਾਂ ਘਰਾਂ ਵਿਚ ਲੜਾਈ ਝਗੜੇ ਨਹੀਂ ਹੁੰਦੇ। ਜੇ ਕਿਧਰੇ ਕੋਈ ਗਲਤਫ਼ਹਿਮੀ ਪੈਦਾ ਹੋ ਵੀ ਜਾਵੇ ਤਾਂ ਉਹ ਇਕੱਠੇ ਬੈਠ ਕੇ ਉਸ ਦਾ ਹੱਲ ਲੱਭ ਲੈਂਦੇ ਹਨ।
ਝਗੜੇ ਵਾਲੇ ਘਰਾਂ ਵਿਚ ਘਰੇਲੂ ਹਿੰਸਾ ਸਿਰਫ਼ ਗਾਲ੍ਹ-ਦੁਪੱੜ ਜਾਂ ਧਮਕੀਆਂ ਦੇਣ ਤੱਕ ਹੀ ਸੀਮਿਤ ਨਹੀਂ ਰਹਿੰਦੀ। ਜਦੋਂ ਵਰਤਾਰਾ ਵਿਗੜ ਜਾਂਦਾ ਹੈ ਤਾਂ ਮਾਨਸਿਕ ਨੁਕਸਾਨ ਬਹੁਤ ਹੁੰਦਾ ਹੈ। ਮਨ ਦੀਆਂ ਭਾਵਨਾਵਾਂ ਨੂੰ ਝੰਜੋੜ ਕੇ ਜ਼ਖ਼ਮੀ ਕਰਨਾ, ਗੱਲੀਂ ਬਾਤੀਂ ਕਲੇਸ਼ ਪੈਦਾ ਕਰਨੇ ਅਤੇ ਅਣਚਾਹੀ ਕਾਮ ਉਤੇਜਨਾ ਰਾਹੀਂ ਸ਼ੋਸ਼ਣ ਕਰਨਾ ਤੇ ਜ਼ਬਰਦਸਤੀ, ਵੀ ਇਸ ਵਰਤਾਰੇ ਵਿਚ ਸ਼ਾਮਲ ਹੋ ਜਾਂਦਾ ਹੈ।ਬਹੁਤੇ ਮਰਦ ਘਰਾਂ ਵਿਚ ਇਕ ਖਾਸ ਚਲਦੇ ਚੱਕਰ ਵਾਂਗ ਹਿੰਸਕ ਰਵੱਈਆ ਅਪਨਾਉਂਦੇ ਦੇਖੇ ਜਾ ਸਕਦੇ ਹਨ। ਜੋ ਕੁਝ ਵੀ ਇਹਨਾਂ ਹਿੰਸਕ ਚੱਕਰਾਂ ਦੌਰਾਨ ਵਾਪਰਦਾ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦੈ ਕਿ ਔਰਤਾਂ ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਕਿਉਂ ਕਿਸੇ ਨਾਲ ਸਾਂਝਾ ਕਰਨ ਤੋਂ ਗੁਰੇਜ਼ ਕਰਦੀਆਂ ਹਨ! ਕਿਉਂ ਨਹੀਂ ਉਹ ਆਪਣਾ ਘਰ ਛੱਡ ਕੇ ਕਿਧਰੇ ਤੁਰ ਜਾਂਦੀਆਂ, ਖਾਸ ਕਰ ਜਦੋਂ ਉਹਨਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦੈ? ਇਹ ਹਿੰਸਕ ਚੱਕਰ ਪਹਿਲਾਂ ਇਕ ਤਣਾਅ ਜਿਹੇ ਰਾਹੀਂ ਸ਼ੁਰੂ ਹੁੰਦਾ ਹੈ ਜਿਸ ਰਾਹੀਂ ਮਾਨਸਿਕ ਖਿੱਚੋਤਾਣ ਵਧਦੀ ਰਹਿੰਦੀ ਹੈ, ਇਕ ਚੁੱਪ ਜਿਹੀ ਛਾ ਜਾਂਦੀ ਹੈ। ਫੇਰ ਉਸ ਪਿੱਛੋਂ ਹਿੰਸਾ ਭੜਕਦੀ ਹੈ, ਮਾਰ ਕੁੱਟ ਹੁੰਦੀ ਹੈ, ਲੜਾਈ ਝਗੜੇ ਵਧਦੇ ਹਨ। ਇਸ ਪਿੱਛੋਂ ਸ਼ਾਂਤ ਜਿਹਾ ਮਾਹੌਲ ਉਭਰਦਾ ਹੈ, ਪਿਆਰ ਰਾਹੀਂ ਨੇੜਤਾ ਦੇ ਪਲ ਵੀ ਆਉਂਦੇ ਨੇ। ਕੁਝ ਦਿਨਾਂ ਮਗਰੋਂ ਇਹ ਚੱਕਰ ਫੇਰ ਸ਼ੁਰੂ ਹੋ ਜਾਂਦਾ ਹੈ ਤੇ ਹਰ ਵਾਰੀ ਸਮੇਂ ਦੇ ਫਰਕ ਨਾਲ ਇਹ ਚੱਕਰ ਜਾਰੀ ਰਹਿੰਦੇ ਹਨ। ਇਹਨਾਂ ਹਿੰਸਕ ਚੱਕਰਾਂ ਦੌਰਾਨ ਹਿੰਸਾ, ਮਾਰ-ਕੁੱਟ ਵਧਦੀ ਜਾਂਦੀ ਹੈ ਜਿਸ ਨਾਲ ਔਰਤ ਦੇ ਸਰੀਰ'ਤੇ ਜ਼ਖ਼ਮਾਂ ਤੋਂ ਲੈ ਕੇ ਮੌਤ ਤੱਕ ਕੁਝ ਵੀ ਹੋ ਸਕਦਾ ਹੈ। ਕਈ ਵਾਰੀ ਇਹ ਹਿੰਸਕ ਚੱਕਰ ਹਰ ਚੌਵੀ ਘੰਟੇ ਮਗਰੋਂ ਵੀ ਚਲਦਾ ਰਹਿੰਦਾ ਹੈ। ਪੀੜਤ ਔਰਤ ਨਿਹੱਥੀ ਅਤੇ ਬੇਬੱਸ ਮਹਿਸੂਸ ਕਰਨ ਲਗਦੀ ਹੈ। ਉਹ ਆਪਣੇ ਆਪ ਨੂੰ ਮਾਨਸਿਕ ਪੀੜਾ ਵਾਲੀ ਜੇਲ੍ਹ ਵਿਚ ਬੰਦ ਹੋਈ ਮਹਿਸੂਸ ਕਰਦੀ ਹੈ।ਜੇ ਉਸ ਨੂੰ ਮਾਰ-ਕੁੱਟ ਰਾਹੀਂ ਸਰੀਰ'ਤੇ ਹੋਏ ਜ਼ਖ਼ਮਾਂ ਲਈ ਮਲ੍ਹਮ-ਪੱਟੀ ਦੀ ਲੋੜ ਵੀ ਪਵੇ ਤਾਂ ਉਹ ਡਾਕਟਰ ਕੋਲ ਜਾਣ ਤੋਂ ਵੀ ਗੁਰੇਜ਼ ਕਰਦੀ ਹੈ,ਉਹ ਇਸ ਲਈ ਕਿ ਸੱਟਾਂ ਕਿਉਂ ਤੇ ਕਿਵੇਂ ਵੱਜੀਆਂ ਵਰਗੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਧਰੇ ਸੱਚ ਸਾਹਮਣੇ ਨਾ ਆ ਜਾਵੇ।ਉਹ ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਝਲਦਿਆਂ ਹਤਾਸ਼ ਹੁੰਦੀ ਰਹਿੰਦੀ ਹੈ। ਮਾਰ-ਕੁੱਟ ਕਰਨ ਵਾਲੇ ਮਰਦ ਨੂੰ ਜੇ ਇਹ ਸ਼ੱਕ ਹੋ ਜਾਵੇ ਕਿ ਉਹ ਕਾਨੂੰਨ ਦੀ ਜਕੜ ਵਿਚ ਆ ਸਕਦਾ ਹੈ ਤਾਂ ਉਸ ਦਾ ਵਰਤਾਰਾ ਹੋਰ ਹਿੰਸਕ ਵੀ ਹੋ ਸਕਦਾ ਹੈ। ਉਸ ਹਾਲਤ ਵਿਚ ਉਹ ਔਰਤ ਨੂੰ ਸਬਕ ਸਿਖਾਉਣ ਲਈ ਹੋਰ ਜ਼ੁਲਮ ਕਰਨ ਤੁਰ ਪੈਂਦਾ ਹੈ ਤੇ ਆਪਣੇ ਹਿੰਸਕ ਵਰਤਾਰੇ ਲਈ ਔਰਤ ਨੂੰ ਹੀ ਦੋਸ਼ੀ ਮੰਨਦਾ ਰਹਿੰਦਾ ਹੈ।ਇੰਜ ਔਰਤ'ਤੇ ਅਤਿਆਚਾਰ ਵਧਦਾ ਰਹਿੰਦਾ ਹੈ, ਘਟਦਾ ਨਹੀਂ।
ਸਾਡੇ ਸਮਾਜਿਕ ਰੀਤੀ ਰਿਵਾਜ ਤੇ ਧਾਰਮਿਕ ਪਰੰਪਰਾਵਾਂ ਵੀ ਇਸ ਲਈ ਜ਼ਿੰਮੇਵਾਰ ਹਨ। ਜੇ ਕੋਈ ਔਰਤ ਇਕੱਲੀ ਜਾਂ ਬੱਚਿਆਂ ਸਮੇਤ ਆਪਣੇ ਜ਼ਾਲਮ ਪਤੀ ਦੇ ਪੰਜੇ ਵਿਚੋਂ ਭੱਜ ਕੇ ਆਪਣੇ ਪੇਕੀਂ ਆ ਵੀ ਜਾਵੇ ਤਾਂ ਸਮਾਂ ਪਾ ਕੇ ਉਹਦੇ ਸਹੁਰਿਆਂ ਵੱਲੋਂ ਲੋਕ ਇਕੱਠੇ ਹੋ ਕੇ ਉਸ ਨੂੰ ਲੈਣ ਆ ਜਾਂਦੇ ਹਨ। ਮੰਨ ਮਨੌਤ ਹੁੰਦੀ ਹੈ, ਮਾਫ਼ੀਆਂ ਮੰਗੀਆਂ ਜਾਂਦੀਆਂ ਹਨ, ਪਰ ਪਰਨਾਲਾ ਓਥੇ ਦਾ ਓਥੇ ਹੀ ਰਹਿੰਦਾ ਹੈ। ਇੰਜ ਕਈ ਔਰਤਾਂ ਬਾਰ ਬਾਰ ਆਪਣਾ ਘਰ ਛੱਡਣ ਲਈ ਮਜਬੂਰ ਹੋ ਜਾਂਦੀਆਂ ਹਨ ਪਰ ਰੀਤੀ ਰਿਵਾਜ ਤੇ ਹੱਕਾਂ ਦੀ ਗਲਤਬਿਆਨੀ ਦੇ ਭਾਰ ਹੇਠਾਂ ਔਰਤ ਦੁੱਖ ਭੋਗਣ ਲਈ ਮਜਬੂਰ ਹੁੰਦੀ ਰਹਿੰਦੀ ਹੈ।ਅਸੀਂ ਇਕ ਵਿਆਹ ਸਮੇਂ ਇਕ ਗਿਆਨੀ ਨੂੰ ਸਿੱਖਆ ਦਿੰਦਿਆਂ ਸੁਣਿਆ। ਗਿਆਨੀ ਜੀ ਲੜਕੀ ਨੂੰ ਕਹਿ ਰਹੇ ਸਨ ਕਿ 'ਬੇਟਾ ਜੀਵਨ ਵਿਚ ਦੋ 'ਭੱਬੇ' ਤੇ ਇਕ 'ਖੱਖਾ' ਯਾਦ ਰਖੀਂ ਤੇ ਕਦੇ ਭੁੱਲੀਂ ਨਾ। ਪਹਿਲਾ ਭੱਬਾ ਉਸ ਲਈ ਹੈ ਜੇ ਕੋਈ ਕੁਝ ਵੀ ਆਖੇ ਤਾਂ ਅੱਗੋਂ 'ਭਲਾ ਜੀ'(ਹਾਂ ਜੀ) ਆਖਣਾ ਹੈ। ਦੂਜਾ ਭੱਬਾ, ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਲਈ ਕਹਿਣਾ ਹੈ 'ਭੁੱਲੀ ਜੀ'(ਮਾਫ ਕਰ ਦਿਓ) ਤੇ 'ਖੱਖਾ' ਖਿਮਾ ਲਈ ਹੈ, ਪੈਰ ਪੈਰ ਤੇ ਖਿਮਾਂ ਮੰਗਣ ਵਾਲੇ ਚੰਗੇ ਇਨਸਾਨ ਹੁੰਦੇ ਹਨ। ਭਾਵੇਂ ਕੋਈ ਕੁਝ ਵੀ ਆਖੀ ਜਾਵੇ ਤੁਸੀਂ ਹਲੀਮੀ ਨਾਲ ਸਭ ਕੁਝ ਸਹਿੰਦੇ ਰਹਿਣਾ ਹੈ।' ਇਹੋ ਹੀ ਉਹਨਾਂ ਦੀ ਸਿੱਖਿਆ ਦਾ ਨਚੋੜ ਸੀ।ਅਜ ਕਲ੍ਹ ਪੜ੍ਹੇ ਲਿਖੇ ਬੱਚੇ ਅਜਿਹੀ ਸਿੱਖਿਆ ਮੰਨਣ ਲਈ ਤਿਆਰ ਨਹੀਂ। ਉਹਨਾਂ ਨੂੰ ਤਰਕ ਨਾਲ ਸਮਝਾਉਣਾ ਪੈਂਦਾ ਹੈ ਕਿਉਂਕਿ ਉਹ ਆਪਣੇ ਬਰਾਬਰਤਾ ਵਾਲੇ ਹੱਕਾਂ ਨੂੰ ਪਛਾਣਦੇ ਹਨ।ਪਰ ਆਪਣੇ ਹੀ ਵਿਚਾਰਾਂ ਤੇ ਅੜ ਕੇ ਜੀਵਨ ਵਿਚ ਤਲਖ਼ੀਆਂ ਪੈਦਾ ਕਰਨੀਆਂ ਵੀ ਕੋਈ ਸਮਝਦਾਰੀ ਨਹੀਂ।
ਘਰੇਲੂ ਹਿੰਸਾ ਦਾ ਦੁਖਦਾਈ ਪੱਖ ਜਿਹੜਾ ਸਮਾਜ ਲਈ ਸੋਚਣ ਤੇ ਸਮਝਣ ਦਾ ਵਿਸ਼ਾ ਵੀ ਹੈ-ਉਹ ਇਹ ਕਿ ਘਰੇਲੂ ਹਿੰਸਾ ਦੁਨੀਆਂ ਵਿਚ ਕਿਧਰੇ ਵੀ ਘਟ ਨਹੀਂ ਰਹੀ ਸਗੋਂ ਦਿਨ-ਬ-ਦਿਨ ਵਧ ਰਹੀ ਹੈ।ਕਿਸੇ ਘਰ ਵਿਚ ਅਜਿਹੀ ਹਿੰਸਾ ਜੇ ਸ਼ੁਰੂ ਹੋ ਜਾਵੇ ਤਾਂ ਨਾ ਸਿਰਫ਼ ਉਹ ਜਾਰੀ ਰਹਿੰਦੀ ਹੈ ਸਗੋਂ ਸਮਾਂ ਪਾ ਕੇ ਵਧਦੀ ਤੁਰੀ ਜਾਂਦੀ ਹੈ। ਅਜਿਹੇ ਘਰਾਂ ਵਿਚ ਲੱਗੀ ਅਜਿਹੀ ਅੱਗ ਦਾ ਧੂੰਆਂ ਤੱਕ ਵੀ ਨਹੀਂ ਨਿਕਲਦਾ, ਜਦੋਂ ਕਿ ਅਜਿਹੀ ਅੱਗ ਘਰ ਦੇ ਜੀਆਂ ਦੇ ਅੰਦਰ ਸਾੜ ਕੇ ਕੋਲਾ ਕਰਦੀ ਰਹਿੰਦੀ ਹੈ। ਖੋਜਕਾਰਾਂ ਨੇ ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਵਿਸ਼ੇ ਤੇ ਖੋਜ ਕਰਕੇ ਇਹ ਗੱਲ ਸਾਬਤ ਕਰ ਦਿੱਤੀ ਹੈ। ਇਸ ਹਿੰਸਕ ਚੱਕਰ ਵਿਚ ਤਣਾਅ ਘਰੇਲੂ ਮਾਹੌਲ ਵਿਚ ਹੋਰ ਤੋਂ ਹੋਰ ਘੱਟ ਸਮਾਂ ਪਾ ਕੇ ਵਧਦਾ ਰਹਿੰਦਾ ਹੈ। ਉਤੇਜਨਾ ਤੇ ਤਲਖ਼ੀ ਵੀ ਵਧਦੇ ਰਹਿੰਦੇ ਹਨ। ਮਾਰ-ਕੁੱਟ ਵਾਲੀਆਂ ਘਟਨਾਵਾਂ ਬਾਰ ਬਾਰ ਤੇ ਛੇਤੀ ਛੇਤੀ ਹੋਣ ਲੱਗ ਪੈਂਦੀਆਂ ਹਨ।ਦੂਜੇ ਪਾਸੇ ਪਿਆਰ ਅਤੇ ਸਮਝੌਤਿਆਂ ਵਾਲੇ ਸਮੇਂ ਵੀ ਘਟਦੇ ਰਹਿੰਦੇ ਹਨ। ਜਦੋਂ ਕੋਈ ਮਰਦ ਇਹ ਘਰੇਲੂ ਹਿੰਸਾ ਜਾਰੀ ਰਖੱਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਕੀਤੇ ਤੇ ਕੋਈ ਅਫ਼ਸੋਸ ਨਹੀਂ ਰਹਿੰਦਾ ਤੇ ਨਾ ਹੀ ਕੋਈ ਸ਼ਰਮਿੰਦਗੀ ਉਹ ਮਹਿਸੂਸ ਕਰਦਾ ਹੈ। ਉਹ ਆਪਣੀ ਮਾਰ-ਕੁੱਟ ਤੇ ਹਿੰਸਾ ਨੂੰ ਆਪਣਾ ਹੱਕ ਸਮਝਣ ਲੱਗ ਪੈਂਦਾ ਹੈ।
ਪੀੜਤ ਅਤੇ ਸ਼ਿਕਾਰ ਹੋਈ ਔਰਤ ਲਈ ਘਰੇਲੂ ਹਿੰਸਾ ਦਾ ਬਾਰ ਬਾਰ ਹੋਣਾ ਉਸ ਦੀ ਮਾਨਸਿਕਤਾ'ਤੇ ਡੂੰਘੀ ਸੱਟ ਮਾਰਦਾ ਹੈ। ਇਹ ਸੱਟਾਂ ਉਹਦੇ ਰਵੱਈਏ ਤੇ ਅਜਿਹਾ ਡੂੰਘਾ ਅਸਰ ਕਰਦੀਆਂ ਹਨ ਜਿਸ ਨਾਲ ਉਸ ਦੀ ਸੋਚ ਤਿੜਕ ਜਾਂਦੀ ਹੈ। ਇਹ ਤਿੜਕੀ ਤੇ ਟੁੱਟੀ-ਭੱਜੀ ਸੋਚ ਮਾਰ ਕੁੱਟ ਕਰਨ ਵਾਲੇ ਮਰਦ ਲਈ ਬਾਰ ਬਾਰ ਅਜਿਹੇ ਮੌਕੇ ਪੈਦਾ ਕਰਦੀ ਹੈ ਜਿਸ ਨਾਲ ਹਿੰਸਾ ਹੋਰ ਭੜਕਦੀ ਹੈ। ਅਖੀਰ ਔਰਤ ਇਕ ਅਜਿਹੇ ਰਿਸ਼ਤੇ ਵਿਚ ਫਸ ਜਾਂਦੀ ਹੈ ਜਿਸ ਵਿਚੋਂ ਉਸ ਨੂੰ ਛੁਟਕਾਰੇ ਵੱਲ ਜਾਂਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।ਵਧਦੀ ਜਾਂਦੀ ਘਰੇਲੂ ਹਿੰਸਾ, ਆਪਣੀ ਲੋੜ ਆਪ ਵਧਾਉਂਦੀ ਰਹਿੰਦੀ ਹੈ ਪਰ ਉਸ ਹਿੰਸਕ ਸਥਿਤੀ ਵਿਚੋਂ ਨਿਕਲਣ ਦੇ ਸਾਰੇ ਰਾਹ ਵੀ ਹੌਲੀ ਹੌਲੀ ਬੰਦ ਕਰਦੀ ਰਹਿੰਦੀ ਹੈ।
ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਪੀੜਤ ਔਰਤਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਹਨਾਂ ਜੇ ਕਦੇ ਉਸ ਮਾਹੌਲ ਵਿਚੋਂ ਭੱਜਣ ਦੀ ਕਦੇ ਕੋਸ਼ਿਸ਼ ਕੀਤੀ ਵੀ ਤਾਂ ਮੁੜ ਕੇ ਉਹ ਆਪਣੇ ਆਪ ਨੂੰ ਅੱਗੇ ਨਾਲੋਂ ਵੀ ਭੈੜੀ ਹਾਲਤ ਵਿਚ ਜਕੜਿਆ ਮਹਿਸੂਸ ਕਰਨ ਲੱਗ ਪੈਂਦੀਆਂ ਹਨ, ਜਿੱਥੇ ਉਹਨਾਂ ਨੂੰ ਆਪਣੀ ਉਸ ਕੋਸ਼ਿਸ਼ ਦੀ ਹੋਰ ਵੀ ਭੈੜੀ ਸਜ਼ਾ ਭੁਗਤਣੀ ਪੈਂਦੀ ਹੈ।ਅਜਿਹੇ ਮਾਹੌਲ ਵਿਚ ਫਸੀਆਂ ਔਰਤਾਂ ਇਹ ਵਿਸ਼ਵਾਸ ਕਰਨ ਲੱਗ ਪੈਂਦੀਆਂ ਹਨ ਕਿ ਉਹਨਾਂ ਲਈ ਹੁਣ ਭੱਜਣ ਲਈ ਕੋਈ ਵੀ ਰਾਹ ਬਾਕੀ ਨਹੀਂ ਰਹਿ ਗਿਆ।ਇੰਜ ਉਹ ਜੀਵਨ ਵਿਚ ਹਾਰ ਕੇ, ਅਖੀਰ ਦੁਨੀਆਂ ਵਿਚ ਮਰਨ ਤੋਂ ਪਹਿਲਾਂ ਹੀ ਅਣਆਈ ਮੌਤ ਨੂੰ ਨੇੜੇ ਕਰ ਲੈਂਦੀਆਂ ਹਨ।ਜੀਵਨ ਉਹਨਾਂ ਲਈ ਕੋਈ ਸੰਘਰਸ਼ ਜਾਂ ਕਿਆਸਿਆ ਜਾ ਸਕਣ ਵਾਲਾ ਜੀਵਨ ਨਹੀਂ ਰਹਿੰਦਾ।ਜੇ ਅਜਿਹੀਆਂ ਔਰਤਾਂ ਹਿੰਸਕ ਰਿਸ਼ਤਿਆਂ ਦੇ ਮਾਨਸਿਕ ਪਰਭਾਵਾਂ ਨੂੰ ਪਹਿਲਾਂ ਤੋਂ ਸਮਝ ਸਕਣ ਤਾਂ ਹੋ ਸਕਦਾ ਹੈ ਕਿ ਹਿੰਸਾ ਦਾ ਸ਼ਿਕਾਰ ਹੋਣੋ ਬਚ ਜਾਣ ਜਾਂ ਚੰਗੇਰਾ ਜੀਵਨ ਜਿਉਣ ਲਈ ਰਾਹਾਂ ਦੀ ਤਲਾਸ਼ ਵੀ ਕਰ ਲੈਣ। ਅੱਜ ਹਾਲਤ ਇਹ ਹੈ ਕਿ ਸਮਾਜ, ਸਿਆਸੀ ਲੀਡਰ, ਸਰਕਾਰਾਂ, ਧਰਮ ਜਾਂ ਔਰਤਾਂ ਦੀਆਂ ਆਪਣੀਆਂ ਹੀ ਸੰਸਥਾਵਾਂ ਜਿਹੜੀਆਂ ਔਰਤਾਂ ਲਈ ਹੱਕ ਬਰਾਬਰੀ ਦੇ ਦਾਅਵੇ ਕਰਦੀਆਂ ਹਨ, ਕੁਝ ਵੀ ਤਾਂ ਨਹੀਂ ਕਰ ਰਹੇ!
੯੭੭੯੪੨੬੬੯੮
No comments:
Post a Comment