ਚਿੰਤਾ ਜਾਏ ਮਿਟੈ ਅਹੰਕਾਰ
(ਗੁਰਚਰਨ ਸਿੰਘ ਜੈਤੋ)
ਤੁਸੀਂ ਅਜਿਹੇ ਪੜ੍ਹੇ ਲਿਖੇ ਤੇ ਸਫ਼ਲ ਇਨਸਾਨ ਨੂੰ ਜਾਣਦੇ ਤਾਂ ਹੋਵੋਗੇ ਜਿਹੜਾ ਸਾਰੀ ਉਮਰ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਫ਼ਿਕਰਾਂ ਤੋਂ ਖਹਿੜਾ ਨਹੀਂ ਛੁਡਾ ਸਕਿਆ। ਇਹੋ ਜਿਹੇ ਲੋਕ ਆਮ ਦੇਖੇ ਜਾ ਸਕਦੇ ਹਨ। ਕਿਸੇ ਕੋਲ ਸਭ ਕੁਝ ਹੋਣ ਤੋਂ ਸਾਡਾ ਭਾਵ ਕੀ ਹੈ? ਇਹੋ ਨਾ ਕਿ ਚੰਗੀ ਇਜ਼ਤਦਾਰ ਨੌਕਰੀ ਜਾਂ ਰੁਤਬਾ ਹੋਵੇ। ਗੁਜ਼ਾਰੇ ਲਈ ਪਰਿਵਾਰ ਦੇ ਜੀਵਨ ਨਿਰਬਾਹ ਤੇ ਬੱਚਿਆਂ ਦੀ ਪਰਵਰਿਸ਼ ਲਈ ਚੰਗੀ ਤਨਖਾਹ ਹੋਵੇ ਤਾਂ ਹੋਰ ਕੀ ਚਾਹੀਦਾ ਹੈ? ਪਰ ਅਜਿਹੇ ਹਾਲਾਤ ਵਿਚ ਜੇ ਫੇਰ ਵੀ ਕੋਈ ਫ਼ਿਕਰ ਕਰੀ ਜਾਵੇ ਤਾਂ ਉਸ ਬਾਰੇ ਕੀ ਕਹਿਣਾ ਠੀਕ ਰਹੇਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।
ਦੁਨਂੀਆਂ ਵਿਚ ਅਜਿਹਾ ਸ਼ਾਇਦ ਹੀ ਕੋਈ ਮਿਲੇਗਾ ਜਿਹੜਾ ਇਹ ਆਖੇ ਕਿ ਉਸ ਨੇ ਕਦੇ ਵੀ ਫਿਕਰ ਨਹੀਂ ਕੀਤਾ। ਫਿਕਰ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਪਰ ਕੀ ਇਹ ਚੰਗੀ ਗੱਲ ਹੈ ਕਿ ਬੰਦੇ ਦੀ ਆਦਤ ਅਜਿਹੀ ਬਣ ਜਾਵੇ ਕਿ ਉਸ ਨੂੰ ਨਿੱਕੇ ਨਿੱਕੇ ਫਿਕਰ ਵੀ ਵੱਢ ਵੱਢ ਖਾਈ ਜਾਣ? ਕਿਸੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਫਿਕਰ ਕਰਕੇ ਉਸ ਨੂੰ ਸਮੇਂ ਸਿਰ ਨਿਪਟਾਉਣ ਦੇ ਤਰੀਕੇ ਖੋਜਣੇ ਫਿਕਰ ਨਹੀਂ ਅਖਵਾਉਂਦਾ। ਕੋਈ ਕਰਜ਼ਾ ਲੈ ਕੇ ਸਮੇਂ ਸਿਰ ਮੋੜ ਨਾ ਸਕਣਾ ਫਿਕਰ ਪੈਦਾ ਕਰਦਾ ਹੈ। ਪਰ ਜਿਹੜਾ ਬੰਦਾ ਕਰਜ਼ਾ ਲੈਣ ਤੋਂ ਪਹਿਲਾਂ ਇਹ ਸੋਚ ਕੇ ਚੱਲੇ ਕਿ ਉਸ ਨੇ ਕਰਜ਼ਾ ਕਿਵੇਂ ਲਾਹੁਣਾ ਹੈ ਤੇ ਉਹ ਪੈਸਾ ਕਿਵੇਂ ਤੇ ਕਿਥੋਂ ਆਏਗਾ, ਉਸ ਲਈ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ। ਕਰਜ਼ਾ ਲੈਣ ਵੇਲੇ ਜਿਸ ਨੂੰ ਸਿਰਫ਼ ਕਰਜ਼ੇ ਦਾ ਪੈਸਾ ਹੀ ਦਿਸਦਾ ਹੋਵੇ ਤੇ ਉਹ ਉਸ ਨੂੰ ਮੋੜਨ ਬਾਰੇ ਸੋਚ ਕੇ ਕੋਈ ਉਪਰਾਲੇ ਬਾਰੇ ਸੋਚੇ ਹੀ ਨਾ ਤਾਂ ਉਸ ਨੂੰ ਫ਼ਿਕਰ ਤਾਂ ਘੇਰਨਗੇ ਹੀ!
ਸ਼ਾਡਾ ਇਕ ਦੋਸਤ ਹਮੇਸ਼ਾ ਕਿਸੇ ਨਾ ਕਿਸੇ ਦਾ ਕਰਜ਼ਾਈ ਰਹਿੰਦਾ ਸੀ। ਜਦੋਂ ਇਕੱਠੇ ਪੈਸੇ ਕਿਧਰੋਂ ਆ ਜਾਣੇ ਤਾਂ ਉਹ ਉਧਾਰ ਚੁਕਾਉਂਦਾ। ਉਸ ਨੂੰ ਮੈਂ ਪੁਛਿਆ ਕਿ ਅਜਿਹੇ ਉਧਾਰ ਲੈਣ ਦਾ ਕੀ ਅਰਥ? ਉਸ ਦਾ ਜਵਾਬ ਬੜਾ ਦਿਲਚਸਪ ਸੀ। ਉਹ ਕਹਿੰਦਾ ਕਿ ਜਦੋਂ ਉਸ ਨੇ ਕਿਸੇ ਦਾ ਉਧਾਰ ਨਹੀਂ ਦੇਣਾ ਹੁੰਦਾ ਤਾ ਉਸ ਨੂੰ ਚੰਗੀ ਨੀਦ ਨਹੀਂ ਆਉਂਦੀ। ਫਿਕਰ, ਚਿੰਤਾ, ਪਰੇਸ਼ਾਨੀ ਕੋਈ ਮਾਨਸਿਕ ਬਿਮਾਰੀ ਨਹੀਂ। ਇਹ ਇਕ ਨਸ਼ੇ ਵਾਂਗ ਹੀ ਹੈ। ਸਿਗਰਟ ਪੀਣਾ ਜਾਂ ਸ਼ਰਾਬ ਪੀਣ ਵਾਂਗ ਹੀ ਇਹ ਇਕ ਆਦਤ ਹੈ। ਦੂਜੀਆਂ ਆਦਤਾਂ ਵਾਂਗ ਹੀ ਇਹ ਚੇਤੰਨ ਹੋ ਕੇ ਵਾਰ ਵਾਰ ਦੁਹਰਾਈ ਜਾਂਦੀ ਆਦਤ ਹੈ। ਜਦੋਂ ਵੀ ਫਿਕਰ/ਚਿੰਤਾ ਕਰਨ ਵਾਲੀ ਆਦਤ ਵਾਲਾ ਸੁਭਾਅ ਪੱਕਦਾ ਜਾਂਦਾ ਹੈ, ਦਿਮਾਗ਼ ਇਸ ਨੂੰ ਯਾਦ ਬਣਾ ਕੇ ਸਾਂਭਦਾ ਰਹਿੰਦਾ ਹੈ।ਜਿਵੇਂ ਜਿਵੇਂ ਫਿਕਰ ਕਰਨ ਵਾਲਾ ਸੁਭਾਅ ਦਿਮਾਗ਼ ਵਿਚ ਯਾਦਾਂ ਬਣ ਕੇ ਜਮਾਂ ਹੁੰਦਾ ਰਹਿੰਦਾ ਹੈ ਤਾਂ ਦਿਮਾਗ਼ ਵਿਚ ਹੋਰ ਨਵੇਂ ਰਾਹ ਬਣਦੇ ਰਹਿੰਦੇ ਨੇ ਜਿਹੜੇ ਇਸ ਨੂੰ ਆਮ ਵਰਤਾਰਾ ਸਮਝ ਕੇ ਇਕੱਠਾ ਕਰਦੇ ਰਹਿੰਦੇ ਨੇ। ਜਿਉਂ ਜਿਉਂ ਫਿਕਰਾਂ ਦਾ ਪੱਧਰ ਉੱਚਾ ਹੁੰਦਾ ਰਹਿੰਦਾ ਹੈ, ਦਿਮਾਗ਼ ਵਿਚ ਨਵੇਂ ਪੱਧਰ ਉਸਰਦੇ ਰਹਿੰਦੇ ਨੇ। ਇਹ ਜਿਸਮਾਨੀ ਤੌਰ ਤੇ ਬੰਦੇ ਨੂੰ ਦੁਖੀ ਕਰਦੇ ਰਹਿੰਦੇ ਨੇ, ਭਾਵੇਂ ਸਾਡਾ ਦਿਮਾਗ਼ ਇਹ ਸੋਚਦਾ ਰਹਿੰਦਾ ਹੈ ਕਿ ਇਹ ਇਕ ਆਮ ਗੱਲ ਹੈ।
ਜਦੋਂ ਵੀ ਅਸੀਂ ਫਿਕਰਾਂ ਦੇ ਨਵੇਂ ਪੱਧਰ ਤੇ ਪਹੁੰਚਦੇ ਹਾਂ ਤਾਂ ਹਰ ਵਾਰੀ ਸਾਨੂੰ ਨਵੀਂ ਸਰੀਰਕ ਪਰੇਸ਼ਾਨੀ ਆ ਘੇਰਦੀ ਹੈ। ਇਹ ਇਕ ਦੌਰਾ ਪੈਣ ਵਾਂਗ ਹੀ ਹੁੰਦਾ ਹੈ। ਹਰ ਨਵੇਂ ਪੱਧਰ ਤੇ ਨਵਾਂ ਦੌਰਾ ਪੈਂਦਾ ਹੈ। ਸਾਹ ਤੇਜ਼ ਹੋ ਜਾਂਦਾ ਹੈ, ਸਰੀਰ ਵਿਚ ਅਜੀਬ ਜਿਹਾ ਦਰਦ ਹੋਣ ਲਗਦਾ ਹੈ। ਅਜਿਹੀ ਹਾਲਤ ਚੰਗੀ ਨਹੀਂ ਹੁੰਦੀ ਤੇ ਇਸ ਨੂੰ ਸਰੀਰਕ ਕਮਜ਼ੋਰੀ ਵਿਚ ਬਦਲਦਿਆਂ ਦੇਰ ਨਹੀਂ ਲਗਦੀ। ਕਈਆਂ ਨੂੰ ਤਾਂ ਕਾਂਬਾ ਛਿੜ ਜਾਂਦਾ ਹੈ, ਜਦੋਂ ਵੀ ਉਹ ਚਿੰਤਾ ਕਰਦੇ ਨੇ।ਫੇਰ ਇਸ ਬਾਰੇ ਕੀਤਾ ਕੀ ਜਾਵੇ ਕਿ ਅਸੀਂ ਆਪਣੇ ਨੂੰ ਸਾਧਾਰਨ ਅਵਸਥਾ ਵਿਚ ਲਿਆ ਸਕੀਏ? ਇਹ ਸਵਾਲ ਜਿੰਨਾ ਔਖਾ ਹੈ ਓਨਾ ਹੀ ਇਸ ਦਾ ਹੱਲ ਸੌਖਾ ਵੀ ਹੈ। ਸਾਨੂੰ ਲੋੜ ਹੈ ਇਸ ਆਦਤ ਨੂੰ ਭੁੱਲ ਕੇ ਛੱਡਣ ਦੀ। ਭਾਵੇਂ ਇਹ ਸੁਖਾਲ਼ਾ ਲਗਦਾ ਹੈ ਪਰ ਇਹ ਏਨਾ ਸੌਖਾ ਵੀ ਨਹੀਂ ਜਿੰਨਾ ਕੋਈ ਸੋਚ ਲਵੇ! ਦਿਮਾਗ਼ ਨੂੰ ਪੁਰਾਣੀ ਆਦਤ ਤੇ ਪੁਰਾਣਾ ਵਰਤਾਰਾ ਛੱਡ ਕੇ ਨਵਾਂ ਬੇਫ਼ਿਕਰੀ ਵਾਲਾ ਰਵੱਈਆ ਅਪਨਾਉਣ ਦੀ ਲੋੜ ਹੈ।ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਲਈ ਕੋਈ ਦਵਾਈ ਦੀ ਲੋੜ ਨਹੀਂ, ਕਿਸੇ ਕੋਲ ਜਾ ਕੇ ਸਲਾਹ ਲੈਣ ਦੀ ਵੀ ਕੋਈ ਲੋੜ ਨਹੀਂ ਕਿ ਫੀਸ ਦੇਣੀ ਪਵੇ। ਨਾ ਹੀ ਡਰਨ ਦੀ ਲੋੜ ਹੈ ਕਿ ਹੁਣ ਆਪਣੇ ਹੀ ਡਰ ਨਾਲ ਦੋ ਚਾਰ ਹੱਥ ਕਰਨੇ ਪੈਣਗੇ।ਇਹ ਇਕ ਸਿਲਸਿਲੇ ਰਾਹੀਂ ਦਿਮਾਗ਼ੀ ਤੌਰ ਤੇ ਤਿਆਰ ਕਰਨਾ ਹੈ ਜਿਸ ਰਾਹੀਂ ਸਾਨੂੰ ਇਹ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਕਿ ਦਿਨ ਵਿਚ ਹਰ ਪਲ ਕਰਨਾ ਕੀ ਹੈ ਤਾਂ ਕਿ ਅਸੀਂ ਫਿਕਰਾਂ ਤੋਂ ਦੂਰ ਰਹੀਏ! ਇਹ ਬਿਲਕੁਲ ਸੰਭਵ ਹੈ ਤੇ ਇਸ ਨੂੰ ਪੱਕਾ ਕਰਨਾ ਓਨਾ ਹੀ ਸੁਖਾਲਾ ਹੈ ਜਿੰਨਾ ਇਸ ਨੂੰ ਅਪਨਾਉਣਾ। ਜਦੋਂ ਵੀ ਅਸੀਂ ਇਸ ਨੂੰ ਅਪਨਾ ਲੈਂਦੇ ਹਾਂ ਇਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਜਿਵੇਂ ਅਕਸਰ ਹਰ ਫਿਕਰਮੰਦ ਬੰਦਾ ਹਰ ਰੋਜ਼ ਕਰਦਾ ਹੈ-ਸਥਿਤੀਆਂ ਤੋਂ ਬਚਣ ਦੀ ਕੋਸ਼ਿਸ਼, ਲੋਕਾਂ ਤੇ ਅਜਿਹੀਆਂ ਥਾਵਾਂ ਤੋਂ ਬਚਣਾ ਜਿਥੇ ਜਾਣ ਨਾਲ ਫਿਕਰ ਵਧਦਾ ਹੋਵੇ, ਸਮਾਂ ਆਉਣ ਦੀ ਉਡੀਕ ਕਰਦੇ ਰਹਿਣਾ ਕਿ ਅਜੇ ਕਾਫੀ ਸਮਾਂ ਬਾਕੀ ਹੈ ਕੰਮ ਠਹਿਰ ਕੇ ਕਰ ਲਵਾਂਗੇ, ਮੌਕੇ ਹੱਥੋਂ ਗਵਾ ਲੈਣੇ, ਪੈਸੇ ਦਾ ਨੁਕਸਾਨ ਕਰਵਾ ਲੈਣਾ ਤੇ ਜੋ ਕੁਝ ਵੀ ਜੀਵਨ ਵਿਚ ਉਪਲਭਦ ਹੈ ਉਸ ਦਾ ਪੂਰਾ ਪੂਰਾ ਲਾਭ ਨਾ ਲੈ ਸਕਣਾ ਆਦਿ ਤਾਂ ਕੁਝ ਕੁ ਮਿਸਾਲਾਂ ਹਨ।ਸਾਡੇ ਫਿਕਰਾਂ ਨੂੰ ਦੂਰ ਕਰਨਾ ਸਾਡੇ ਆਪਣੇ ਹੱਥ ਹੁੰਦਾ ਹੈ। ਜਿਸ ਨੂੰ ਇਸ ਗੱਲ ਦੀ ਸਮਝ ਹੈ ਓਹੀ ਤਕੜਾ ਬੰਦਾ ਸਾਬਤ ਹੁੰਦਾ ਹੈ ਤੇ ਸਾਰੀ ਉਮਰ ਫਿਕਰਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦਾ।
ਦੂਜੀ ਸੰਸਾਰ ਜੰਗ ਲੱਗੀ ਹੋਈ ਸੀ। ਇੰਗਲੈਂਡ ਬੁਰੀ ਤਰਾਂ ਹਾਰ ਰਿਹਾ ਸੀ। ਉਸ ਵੇਲੇ ਦਾ ਪਰਧਾਨ ਮੰਤਰੀ ਵਿੰਸਟਨ ਚਰਚਲ ਸੀ ਜਿਹੜਾ ਹਰਮਨ ਪਿਆਰਾ ਲੀਡਰ ਵੀ ਸੀ। ਕਿਸੇ ਨੇ ਉਸ ਨੂੰ ਇਹ ਸਵਾਲ ਪੁੱਛ ਲਿਆ ਕਿ ਚਰਚਲ ਸਾਹਿਬ ਤੁਹਾਡਾ ਦੇਸ਼ ਹਾਰ ਰਿਹਾ ਹੈ, ਕੀ ਤੁਹਾਨੂੰ ਕੋਈ ਫਿਕਰ ਨਹੀਂ? ਕੀ ਤੁਹਾਨੂੰ ਰਾਤ ਨੂੰ ਨੀਂਦ ਆ ਜਾਂਦੀ ਹੈ? ਉਸ ਜਵਾਬ ਬਹੁਤ ਵਧੀਆ ਸੀ। ਉਸ ਨੇ ਕਿਹਾ ਕਿ ਫਿਕਰ ਮੈਂ ਕਰਦਾ ਨਹੀਂ ਕਿਉਂਕਿ ਇਸ ਤੋਂ ਖਹਿੜਾ ਛੁਡਾਉਣਾ ਬੜੀ ਸੌਖੀ ਗੱਲ ਹੈ। ਰਾਤ ਨੂੰ ਜਦੋਂ ਮੈਂ ਸੌਣ ਲਗਦਾ ਹਾਂ ਤਾਂ ਜੰਗ ਲਈ ਇਹੋ ਕਹਿੰਦਾ ਹਾਂ ਕਿ ਜੰਗ ਗਈ ਢੱਠੇ ਖੂਹ'ਚ..। ਬੱਸ ਫੇਰ ਮੈਨੂੰ ਬੜੀ ਛੇਤੀ ਗੂਹੜੀ ਨੀਂਦ ਆ ਜਾਂਦੀ ਹੈ.!
ਸਿਕੰਦਰ ਨੂੰ ਫਿਕਰ ਸੀ ਕਿ ਉਸ ਨੇ ਸਾਰੀ ਦੁਨੀਆਂ ਫਤਿਹ ਕਰਨੀ ਹੈ। ਇਕ ਸਿਧੇ ਸਾਦੇ ਸਾਧ ਨੇ ਉਸ ਦਾ ਫਿਕਰ ਦੂਰ ਕਰ ਦਿੱਤਾ ਸੀ।ਸਿਕੰਦਰ ਇਕ ਜੰਗਲ ਵਿਚ ਓਸ ਸਾਧ ਕੋਲ ਪਾਣੀ ਪੀਣ ਆਇਆ ਸੀ। ਸਿਕੰਦਰ ਨੇ ਉਸ ਨੂੰ ਛੇਤੀ ਪਾਣੀ ਪਿਆਉਣ ਲਈ ਕਿਹਾ। ਸਾਧ ਨੇ ਪੁਛਿਆ ਕਿ ਕਾਹਲੀ ਆਖਰ ਕਿਹੜੀ ਗੱਲ ਦੀ ਹੈ? ਸਿਕੰਦਰ ਨੇ ਕਿਹਾ ਕਿ ਉਹ ਸਾਰੀ ਦੁਨੀਆਂ ਜਿੱਤਣ ਆਇਆ ਹੈ। ਸਾਧ ਨੇ ਸਿੱਧਾ ਸਾਦਾ ਸਵਾਲ ਉਸ ਨੂੰ ਇਹ ਕੀਤਾ ਕਿ ਜੇ ਉਹ ਸਾਰੀ ਦੁਨੀਆਂ ਜਿੱਤ ਵੀ ਲਵੇਗਾ ਤਾਂ ਫੇਰ ਕੀ ਕਰ ਲਵੇਗਾ? ਇਸ ਸਵਾਲ ਦਾ ਜਵਾਬ ਸਿਕੰਦਰ ਕੋਲ ਨਹੀਂ ਸੀ।ਸਿਕੰਦਰ ਘਰ ਵਾਪਸ ਨਹੀਂ ਸੀ ਪਰਤ ਸਕਿਆਂ ਤੇ ਹਿੰਦੁਸਤਾਨ ਵਿਚ ਹੀ ਦਮ ਤੋੜ ਗਿਆ। ਜਦੋਂ ਕਿ ਇਸ ਤੋਂ ਉਲਟ ਪੋਰਸ ਸਿਕੰਦਰ ਤੋਂ ਹਾਰ ਕੇ ਵੀ ਫਿਕਰਮੰਦ ਨਹੀਂ ਸੀ। ਪੋਰਸ ਨੂੰ ਜਦੋਂ ਸਿਕੰਦਰ ਦੀਆਂ ਫੌਜਾਂ ਨੇ ਫੜ ਕੇ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਤਾਂ ਸਿਕੰਦਰ ਨੇ ਪੁਛਿਆ ਕਿ ਦੱਸ ਪੋਰਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਅੱਗੋਂ ਪੋਰਸ ਦਾ ਜਵਾਬ ਬੜਾ ਬੇਪਰਵਾਹੀ ਵਾਲਾ ਸੀ।ਉਸ ਨੇ ਅੱਗੋਂ ਖੁੱਲ੍ਹਦਿਲੀ ਨਾਲ ਕਿਹਾ ਸੀ ਕਿ ਜੇਹੋ ਜਿਹਾ ਸਲੂਕ ਇਕ ਰਾਜਾ ਦੂਜੇ ਨਾਲ ਕਰ ਸਕਦਾ ਹੈ..! ਸਿਕੰਦਰ ਨੇ ਤਾਕਤਵਰ ਹੁੰਦਿਆਂ ਪੋਰਸ ਨੂੰ ਨਾ ਸਿਰਫ ਛੱਡ ਹੀ ਦਿੱਤਾ ਸੀ ਸਗੋਂ ਉਸ ਦਾ ਰਾਜ ਭਾਗ ਵਾਪਸ ਕਰ ਦਿੱਤਾ ਸੀ। ਪੋਰਸ ਦੀ ਸਿਆਣਪ ਨੇ ਉਸ ਦਾ ਨੁਕਸਾਨ ਨਹੀਂ ਸੀ ਹੋਣ ਦਿੱਤਾ।
ਹੰਕਾਰ ਤੇ ਚਿੰਤਾ ਬੰਦੇ ਨੂੰ ਚਿਤਾ ਵੱਲ ਧਕਦੇ ਰਹਿੰਦੇ ਨੇ। ਇਹਨਾਂ ਤੋਂ ਛੁਟਕਾਰਾ ਪਾ ਲੈਣਾ ਹੀ ਅਸਲੀ ਜੀਵਨ ਜਿਉਣਾ ਹੈ।ਇਕ ਸਾਧਾਰਨ ਇਨਸਾਨ ਲਈ ਅਜਿਹੀਆਂ ਅਲਾਮਤਾਂ ਤੋ ਪਿੱਛਾ ਛੁਡਾਉਣ ਵਿਚ ਹੀ ਉਸ ਦੀ ਆਪਣੀ ਤੇ ਆਪਣੇ ਪਰਿਵਾਰ ਦੀ ਭਲਾਈ ਹੈ। ਅਜ ਕਲ੍ਹ ਦੀ ਚੂਹਾ ਦੌੜ ਵਿਚ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਮਝਦਾਰ ਬੰਦਾ ਆਪਣੇ ਆਪ ਨੂੰ ਜੇ ਸਿੱਧੇ ਰਾਹ ਪਾ ਲਵੇ ਤਾਂ ਉਹਦੀਆਂ ਆਉਣ ਵਾਲੀਆਂ ਨਸਲਾਂ ਵੀ ਓਸੇ ਰਾਹ ਤੁਰ ਪੈਣਗੀਆਂ।
੯੭੭੯੪੨੬੬੯੮
No comments:
Post a Comment