Wednesday, June 23, 2010

ਧੱਕੇ ਸ਼ਾਹੀ ਦੇ ਪਿੱਛੇ ਲੁਕੀ ਮਾਨਸਿਕਤਾ..

ਧੱਕੇ ਸ਼ਾਹੀ ਦੇ ਪਿੱਛੇ ਲੁਕੀ ਮਾਨਸਿਕਤਾ..
(ਗੁਰਚਰਨ ਸਿੰਘ ਜੈਤੋ)

ਕੁਝ ਲੋਕ ਆਪਣੀ ਸੋਚ ਬਾਰੇ ਇਹ ਖਿਆਲ ਪੱਕਾ ਕਰ ਲੈਂਦੇ ਨੇ ਕਿ ਉਹਨਾਂ ਦੀ ਕਹਿਣੀ-ਕਥਨੀ ਜਾਦੂਈ ਅਸਰ ਰਖਦੀ ਹੈ। ਇਸ ਮਾਨਸਿਕਤਾ ਵਿਚ ਗ੍ਰੱਸੇ ਹੋਏ ਬੰਦੇ ਇਸ ਸੋਚ ਨੂੰ ਆਪਣੇ ਜੀਵਨ ਦੇ ਹਰ ਮਕਸਦ ਨਾਲ ਜੋੜ ਕੇ ਗੱਲ ਕਰਨਾ ਆਪਣੀ ਆਦਤ ਬਣਾ ਲੈਂਦੇ ਨੇ।ਅਜਿਹੇ ਲੋਕ ਆਪਣੇ ਹਰ ਮਕਸਦ ਨੂੰ ਆਪਣੇ ਜੀਵਨ ਦਾ ਟੀਚਾ ਬਣਾ ਲੈਂਦੇ ਨੇ। ਉਹ ਆਪਣੇ ਨਿਜੀ ਜੀਵਨ ਵਿਚ ਲੁਕੇ ਹੋਏ ਅਰਥਾਂ ਨੂੰ ਲਗਾਤਾਰ ਲੱਭਦੇ ਰਹਿੰਦੇ ਨੇ। ਉਹ ਆਪਣੇ ਆਪ ਨੂੰ ਲੋਕਾਂ ਦੇ ਵਿਚਕਾਰ ਰੱਖ ਕੇ ਦੇਖਦਿਆਂ, ਗੱਲਾਂ ਕਰਦਿਆਂ ਤੇ ਲੋਕਾਂ ਤੇ ਆਪਣੀਆਂ ਗੱਲਾਂ ਦਾ ਅਜਿਹਾ ਅਸਰ ਦੇਖਣਾ ਲੋਚਦੇ ਰਹਿੰਦੇ ਨੇ ਜਿਸ ਨਾਲ ਲੋਕ ਉਹਨਾਂ ਨੂੰ ਬੜਾ ਵੱਡਾ ਤੇ ਉੱਚਾ ਬੰਦਾ ਸਮਝਣ। ਇਹ ਸਭ ਕੁਝ ਉਹ ਆਪਣੇ ਸੌਣ ਕਮਰੇ ਵਿਚ ਬਹਿ ਕੇ ਸੋਚਦੇ ਰਹਿੰਦੇ ਨੇ। ਜਦੋਂ ਕਿ ਉਸ ਸੋਚ ਦਾ ਹਰ ਨਿੱਕਾ ਮੋਟਾ ਕੰਮ, ਹਰ ਨਿੱਕੀ ਮੋਟੀ ਲਿਖਾਈ ਦਾ, ਕੁਝ ਪਲ ਛਿਨ ਲਈ ਅਸਰ ਹੋਣਾ ਹੀ ਸੰਭਵ ਹੁੰਦਾ ਹੈ।
ਕੋਈ ਅਜਿਹੀ ਮਾਨਸਿਕਤਾ ਵਾਲਾ ਬੰਦਾ ਆਪਣੀ ਹੱਡ-ਬੀਤੀ ਜਦੋਂ ਲਿਖਦਾ ਹੈ ਤਾਂ ਉਹ ਅਜਿਹੀ ਸਤਰਕਤਾ ਵਰਤਦਾ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਲਈ ਲਾਹੇਵੰਦ ਹੋ ਸਕਦੀ ਹੈ।ਉਸ ਦੀ ਜੀਵਨੀ ਦਾ ਹਰ ਸ਼ਬਦ ਤੇ ਹਰ ਵਾਕ ਬੜੀ ਹੁਸ਼ਿਆਰੀ ਨਾਲ ਘੜਿਆ ਗਿਆ ਹੁੰਦਾ ਹੈ ਜਿਹੜਾ ਅੱਗੇ ਜਾ ਕੇ ਇਕ ਇਤਿਹਾਸਕ ਦਸਤਾਵੇਜ਼ ਬਣ ਸਕੇ ਤਾਂ ਕਿ ਜਦੋਂ ਵੀ ਉਹਨੂੰ ਕਦੇ ਕੋਈ ਪੜ੍ਹੇ ਤਾਂ ਉਹ ਉਸ ਬੰਦੇ ਨੂੰ ਇਕ ਮਹਾਨ ਬੰਦਾ ਹੀ ਸਮਝੇ।ਉਹ ਬੰਦਾ ਅਸਲੀਅਤ ਵਿਚ ਭਾਵੇਂ ਅੰਦਰੋਂ ਥੋਥਾ ਤੇ ਖੋਖਲਾ ਹੀ ਉਿਂ ਨਾ ਹੋਵੇ..!
ਇਹਨਾਂ ਕਿਰਦਾਰਾਂ ਦੇ ਮਨਾਂ ਵਿਚ ਕੰਮ ਕਰ ਰਹੀ ਸੋਚ ਸ਼ਾਹੀ ਠਾਠਾਂ ਨਾਲ ਲਬਰੇਜ਼ ਹੁੰਦੀ ਹੈ।ਇਹੋ ਜਿਹੇ ਲੋਕ ਜਿੰਨਾਂ ਨੂੰ ਜੇ ਪੱਤੇਬਾਜ਼ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ।ਇਹ ਪੱਤੇਬਾਜ਼ ਸ਼ਾਹੀ ਠਾਠ ਨਾਲ ਰਹਿਣਾ ਤੇ ਦਿਖਾਵਾ ਕਰਨ ਨੂੰ ਆਪਣਾ ਪਹਿਲਾ ਤੇ ਆਖਰੀ ਹੱਕ ਸਮਝਦੇ ਹਨ ਤੇ ਬਾਕੀ ਕਿਸੇ ਨੂੰ ਵੀ ਉਹ ਹਮ-ਰੁਤਬਾ ਨਹੀਂ ਸਮਝਦੇ, ਸਗੋਂ ਦੂਜਿਆਂ ਨੂੰ ਨੀਵਾਂ ਸਮਝਦੇ ਹਨ।ਉਹ ਆਪਣੇ ਸਮੇਂ ਨੂੰ ਬੜਾ ਕੀਮਤੀ ਸਮਝਦੇ ਨੇ ਤੇ ਅਫ਼ਸਰਸ਼ਾਹੀ ਦੇ ਅੰਦਾਜ਼ ਵਿਚ ਉਹ ਇਸ ਨੂੰ ਬਰਬਾਦ ਨਹੀਂ ਹੋਣ ਦੇਣਾ ਚਾਹੁੰਦੇ ਹੁੰਦੇ।ਉਹ ਅਕਸਰ ਇਹ ਕਹਿ ਕੇ ਬਚਦੇ ਦੇਖੇ ਜਾ ਸਕਦੇ ਹਨ ਕਿ ਉਹ ਨੀਵੇਂ ਪੱਧਰ ਦੇ ਲੋਕਾਂ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਤੇ ਸਮਾਜੀ ਇਕੱਠਾਂ ਵਿਚ ਜਾਣ ਤੋਂ ਗੁਰੇਜ਼ ਕਰਦਿਆਂ ਆਪਣੀ ਹਉਮੈ ਬਰਕਰਾਰ ਰਖਣਾ ਚਾਹੁੰਦੇ ਹਨ। ਏਥੋਂ ਤਕ ਕਿ ਉਹ ਕਿਸੇ ਦੇ ਮਰਨ ਤੇ ਉਸ ਦੀ ਅਰਥੀ ਨਾਲ ਨਾ ਜਾਣ ਦੇ ਬਹਾਨੇ ਵੀ ਬੜੇ ਸੁਹਣੇ ਘੜ ਲੈਂਦੇ ਹਨ। ਅਸਲ ਵਿਚ ਅਜਿਹੇ ਲੋਕ ਅੰਦਰੋਂ ਥੋਥੇ ਤੇ ਖੋਖਲੇ ਹੀ ਹੁੰਦੇ ਹਨ। ਦੂਜੇ ਪਾਸੇ ਉਹਨਾਂ ਦਾ ਹਰ ਛੋਟਾ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਉਹ ਚਾਹੁੰਦੇ ਹਨ ਕਿ ਦੂਜੇ ਲੋਕ ਉਹਨਾਂ ਦੇ ਇਸ ਮਹੱਤਵਪੂਰਨ ਕੰਮ ਨੂੰ ਤਰਜੀਹ ਦੇ ਕੇ ਸਭ ਤੋਂ ਪਹਿਲਾਂ ਕਰਕੇ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹੋਣ।ਉਹਨਾਂ ਦੀਆਂ ਸਾਰੀਆਂ ਲੋੜਾਂ ਭਾਵੇਂ ਉਹ ਨਿਜੀ ਹੋਣ ਜਾਂ ਉਹਨਾਂ ਦੀ ਕਿਸੇ ਸੰਸਥਾ ਲਈ ਹੋਣ ਸਭ ਤੋਂ ਪਹਿਲ ਦੇ ਆਧਾਰ ਤੇ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਸ ਵਿਚ ਰੁਕਾਵਟ ਪਾਉਣ ਵਾਲਾ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਤੇ ਭਾਵੇਂ ਉਹ ਕਿੰਨਾ ਹੀ ਠੀਕ ਕਿਉਂ ਨਾ ਹੋਵੇ, ਉਹ ਅਜਿਹੇ ਪੱਤੇਬਾਜ਼ ਦਾ ਦੁਸ਼ਮਣ ਨੰਬਰ ਇਕ ਬਣ ਜਾਂਦਾ ਹੈ।ਫੇਰ ਉਹ ਉਸ ਦੁਸ਼ਮਣ ਨੂੰ ਖਤਮ ਕਰਨ ਵਾਲੇ ਰਾਹ ਪੈ ਜਾਂਦੇ ਹਨ ਤਾਂ ਕਿ ਉਸ ਨੂੰ ਤੇ ਬਾਕੀ ਦੁਨੀਆਂ ਨੂੰ ਦਿਖਾ ਸਕਣ ਕਿ ਉਹਨਾਂ ਸਾਹਮਣੇ ਉਹ ਕੀੜੀ ਤੁੱਲ ਵੀ ਨਹੀਂ।ਉਹ ਕਿਸੇ ਵੀ ਬਾਗ਼ ਦੀ ਮੂਲ਼ੀ ਨਹੀਂ।ਫੇਰ ਉਹਨਾਂ ਦੀ ਇਹ ਖੇਡ ਖੁਸ਼ਾਮਦੀ ਨਾਲ ਕੰਮ ਕਰਵਾਉਣ ਦੀ ਪੁਰਾਣੀ ਨੀਤੀ ਬਦਲ ਕੇ ਧੱਕੇਸ਼ਾਹੀ ਤੇ ਡੰਡੇ ਵਾਲੀ ਹੋ ਨਿਬੜਦੀ ਹੈ। ਪਰ ਫੇਰ ਵੀ ਹਮੇਸ਼ਾ ਨੰਗਾ ਚਿੱਟਾ ਹਮਲਾ ਕਰਨਾ ਸੰਭਵ ਨਹੀਂ ਹੋ ਸਕਦਾ। ਦੁਨੀਆਂ ਵਿਚ ਬਹੁਤੇ ਸਭਿਆਚਾਰ ਇਸ ਨੂੰ ਚੰਗਾ ਨਹੀਂ ਸਮਝਦੇ ਇਸ ਲਈ ਕਈ ਵਾਰੀ ਝੂਠ ਦਾ ਸਹਾਰਾ ਲਿਆ ਜਾਂਦਾ ਹੈ ਤਾ ਕਿ ਵਾਦ ਵਿਵਾਦ ਤੋਂ ਬਚਿਆ ਜਾ ਸਕੇ।ਸਿੱਧੀ ਸਪਸ਼ਟ ਗੱਲ ਕਹਿਣੀ ਖਤਰਨਾਕ ਵੀ ਹੋ ਸਕਦੀ ਹੈ ਜਾਂ ਨੁਕਸਾਨਦੇਹ ਵੀ।ਇਸ ਦੀ ਉਦਹਾਰਨ ਇਹ ਵੀ ਹੋ ਸਕਦੀ ਹੈ ਕਿ ਕੋਈ ਵੀ ਪੁਲਿਸ ਵਾਲਾ ਜਦੋਂ ਜੀ ਚਾਹੇ ਕਿਸੇ ਦੀ ਵੀ ਕੁੱਟ ਮਾਰ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਜਾਂ ਕੋਈ ਕਰਮਚਾਰੀ ਆਪਣੇ ਅਫ਼ਸਰ ਦੀ ਮਾਰ ਕੁੱਟ ਨਹੀਂ ਕਰ ਸਕਦਾ ਤੇ ਨਾਂ ਹੀ ਕਿਸੇ ਗਲ਼ੀ-ਮੁਹੱਲੇ ਦਾ ਕੋਈ ਗੁੰਡਾ ਆਮ ਲੋਕਾਂ ਨੂੰ ਜਦੋਂ ਚਾਹੇ ਗਾਲ਼-ਦੁਪੱੜ ਜਾਂ ਚਪੇੜ ਮਾਰ ਸਕਦਾ ਹੈ।
ਇੰਝ ਕਿਸੇ ਪੱਤੇਬਾਜ਼ ਦਾ ਹਮਲਾ ਹੋਰ ਕਈ ਕਿਸਮ ਦਾ ਹੋ ਸਕਦਾ ਹੈ। ਇਸ ਲਈ ਕਦੇ ਉਹ ਅਚਾਨਕ ਬੜਾ ਈਮਾਨਦਾਰ ਬਣ ਖੜ੍ਹੋਂਦਾ ਹੈ, ਕਦੇ ਮਖੌਲੀਆ ਲਹਿਜੇ ਵਿਚ ਗੱਲਾਂ ਕਰਨ ਲਗਦਾ ਹੈ, ਕਦੇ ਜ਼ਰੂਰਤ ਤੋਂ ਜ਼ਿਆਦਾ ਮਦਦਗਾਰ ਬਣ ਜਾਂਦਾ ਹੈ, ਕਾਮੁਕ ਲਹਿਜਾ ਅਖ਼ਤਿਆਰ ਕਰ ਲੈਂਦਾ ਹੈ, ਸਮਾਜਿਕ ਤੌਰ ਤਰੀਕਿਆਂ ਨੂੰ ਨਕਾਰਦਾ ਹੈ ਤੇ ਆਪਣੇ ਵਿਹਾਰ ਵਿਚ ਕਈ ਤਬਦੀਲੀਆਂ ਕਰਨ ਲੱਗ ਪੈਂਦਾ ਹੈ ਤਾਂ ਕਿ ਉਹ ਜੋ ਚਾਹੁੰਦਾ ਹੈ ਉਹ ਕਰ ਸਕੇ ਤੇ ਆਪਣੇ ਮਕਸਦ ਵਿਚ ਕਾਮਯਾਬ ਹੋ ਸਕੇ।ਉਸ ਦੇ ਅਜਿਹੇ ਰਵੱਈਏ ਵਿਚੋਂ ਹੀ ਸ਼ਾਇਦ ਇਹ ਅਖਾਣ ਨਿਕਲਆਿ ਹੋਵੇਗਾ-'ਯਾਰ ਦਾ ਹਾਸਾ, ਭੰਨ ਮਾਰਿਆ ਪਾਸਾ'। ਕਿਸੇ ਨੂੰ ਹਾਸੇ ਹਾਸੇ ਵਿਚ ਦੁਖੀ ਕਰਨਾ ਵੀ ਇਕ ਸ਼ੋਸ਼ਣ ਹੀ ਹੈ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਾਰੀਆਂ ਹਰਕਤਾਂ ਪਿੱਛੇ ਮਨ ਇੱਛਤ ਭਾਵਨਾਵਾਂ ਲੁਕੀਆਂ ਦਿਸ ਪੈਂਦੀਆਂ ਹਨ ਤੇ ਇਹਨਾਂ ਇਛਾਵਾਂ ਨੂੰ ਧਾਰਨ ਕਰਨ ਵਾਲਾ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਝੂਠ ਬੋਲ ਕੇ ਸੰਤੁਸ਼ਟ ਹੁੰਦਾ ਹੈ ਤੇ ਫੇਰ ਉਹਨਾਂ ਝੂਠਾਂ ਰਾਹੀਂ ਆਪਣਾ ਉੱਲੂ ਸਿਧਾ ਕਰਨ ਵਿਚ ਕਾਮਯਾਬ ਹੋਣਾ ਲੋਚਦਾ ਹੈ।
ਮੰਨ ਲਓ ਜੇ ਕਿਸੇ ਨੂੰ ਦੰਦਾਂ ਦਾ ਰੋਗ ਹੈ ਜਿਸ ਨਾਲ ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਉਸ ਲਈ ਇਹ ਸੋਚਣਾ ਸੁਭਾਵਕ ਹੈ ਕਿ ਮੂੰਹ ਦੀ ਬਦਬੂ ਦਾ ਇਲਾਜ ਕਰਨਾ ਜ਼ਰੂਰੀ ਹੈ ਤਾਂ ਕਿ ਕੋਈ ਉਸ ਬਾਰੇ ਬੁਰਾ ਨਾ ਸੋਚੇ।ਜੇ ਕੋਈ ਮੋਟਾ ਹੈ ਤਾਂ ਉਸ ਨੂੰ ਮੁਟਾਪਾ ਦੂਰ ਕਰਨਾ ਚਾਹੀਦਾ ਹੈ। ਤੇ ਜੇ ਉਹ ਮੋਟਾ ਬੰਦਾ ਵਡੇਰੀ ਉਮਰ ਦਾ ਹੈ ਤਾਂ ਉਸ ਨੂੰ ਦਿਲ ਦੇ ਦੌਰੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ।ਇਹੋ ਜਿਹੇ ਲੋਕਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਦਾ ਅਹਿਸਾਸ ਕਰਵਾ ਕੇ ਤੇ ਉਹਨਾਂ ਦੀ ਮਦਦ ਕਰਨ ਦਾ ਦੰਭ ਕਰਕੇ ਇਹ ਪੱਤੇਬਾਜ਼ ਆਪਣਾ ਮਕਸਦ ਪੂਰਾ ਕਰਨ ਵਿਚ ਤਤਪਰ ਰਹਿੰਦੇ ਹਨ।
ਜਦੋਂ ਵੀ ਇਹ ਪੱਤੇਬਾਜ਼ ਅਜਿਹਾ ਕੋਈ ਵੀ ਮੌਕਾ ਦੇਖਦੇ ਹਨ ਕਿ ਸਮਾਜਿਕ ਪੱਧਰ ਤੇ ਉਹ ਆਮ ਲੋਕਾਂ ਦੀ ਮਦਦ ਕਰਦੇ ਦਿਸਣਗੇ ਤਾਂ ਉਹ ਝੱਟ ਕਿਸੇ ਅਣਜਾਣ ਨਾਲ ਵੀ ਦੋਸਤੀ ਗੰਢਣ ਤੋਂ ਗੁਰੇਜ਼ ਨਹੀਂ ਕਰਨਗੇ। ਉਹ ਸਿਰਫ਼ ਇਸ ਲਈ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਉਸ ਸ਼ਿਕਾਰ ਤੋਂ ਜਦੋਂ ਲੋੜ ਪਈ ਕੋਈ ਨਾ ਕੋਈ ਫਾਇਦਾ ਚੁੱਕ ਸਕਣਗੇ।ਅਜਿਹਾ ਕਰਨ ਲਈ ਉਹ ਉਸ ਸ਼ਿਕਾਰ ਨੂੰ ਗੱਲੀਂ-ਬਾਤੀਂ, ਬਲੈਕਮੇਲ ਕਰਕੇ, ਧਮਕੀਆਂ ਦੇ ਕੇ, ਤੇਜ਼ ਤਰਾਰ ਗੱਲਾਂ ਕਹਿ ਕੇ, ਬੇਇਜ਼ੱਤ ਕਰਕੇ ਆਪਣਾ ਕੰਮ ਕਢਵਾਉਣਾ ਚਾਹੁਣਗੇ।ਗੱਲਾਂ ਗੱਲਾਂ ਵਿਚ ਲੁਕੀਆਂ ਹੋਈਆਂ ਧਮਕੀਆਂ, ਲਾਗੂ ਹੋਣ ਵਾਲੇ ਲਤੀਫ਼ੇ ਤੇ ਹਸਾਉਣੀਆਂ ਗੱਲਾਂ ਕਰਕੇ ਉਹ ਸ਼ਿਕਾਰ ਨੂੰ ਜਤਾ ਦਿੰਦੇ ਹਨ ਕਿ ਉਸ ਲਈ ਇਹ ਬਿਹਤਰ ਹੋਵੇਗਾ ਕਿ ਉਹ ਜਿਵੇਂ ਉਸ ਨੂੰ ਕਿਹਾ ਜਾ ਰਿਹੈ ਉਹੀ ਕੁਝ ਕਰੇ..!
ਇਹਨਾਂ ਪੱਤੇਬਾਜ਼ਾਂ ਦਾ ਇਕ ਹੋਰ ਵੀ ਤਰੀਕਾ ਹੈ, ਉਹ ਇਹ ਕਿ ਅਗਲੇ ਦੇ ਡਰ ਪਛਾਣ ਕੇ ਉਹ ਉਸ ਨੂੰ ਡਰਾਉਂਦੇ ਹਨ, ਉਹਨਾਂ ਦੀਆਂ ਅਸੁਰਖਿਅਤ ਸਥਿਤੀਆਂ ਬਾਰੇ ਜ਼ਿਕਰ ਕਰਦਿਆਂ ਲੁਕਵੀਆਂ ਧਮਕੀਆਂ ਦਿੰਦੇ ਰਹਿੰਦੇ ਹਨ। ਕਮਜ਼ੋਰੀਆਂ ਤੇ ਖਾਮੀਆਂ ਲੱਭ ਕੇ, ਉਹਨਾਂ ਦਾ ਅਹਿਸਾਸ ਕਰਵਾ ਕੇ ਸ਼ਿਕਾਰ ਨੂੰ ਅਜਿਹੀ ਸਥਿਤੀ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਕਿਧਰੇ ਹਿੱਲ ਨਾ ਸਕੇ ਤੇ ਪੱਤੇਬਾਜ਼ ਦਾ ਆਖਾ ਮੰਨਣ ਲਈ ਮਜਬੂਰ ਹੋ ਜਾਵੇ।ਜੇ ਕੋਈ ਪੱਤੇਬਾਜ਼ ਆਪਣੀ ਪਤਨੀ ਜਾਂ ਪਤੀ ਨੂੰ ਆਪਣੇ ਨਾਲ ਈਰਖਾ ਕਰਦਾ ਸਮਝ ਲਵੇ ਤਾਂ ਉਸ ਦਾ ਕਾਮੁਕਤਾ ਭਰਿਆ ਸ਼ੋਸ਼ਣ ਕਰਨੋਂ ਗੁਰੇਜ਼ ਨਹੀਂ ਕਰੇਗਾ/ਕਰੇਗੀ।
ਜੇ ਕੋਈ ਪੱਤੇਬਾਜ਼ ਕਿਸੇ ਨਾਲ ਸੀਰ ਕਰ ਲਵੇ ਤੇ ਉਸੇ ਦੀ ਕੀਤੀ ਹੇਰਾਫੇਰੀ ਨਾਲ ਵਪਾਰਕ ਘਾਟਾ ਪੈ ਜਾਵੇ ਤਾਂ ਉਹ ਪੱਤੇਬਾਜ਼ ਆਪਣੇ ਸੀਰੀ ਬਾਰੇ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇਗਾ, ਜਿਵੇਂ ਉਸ ਦਾ ਆਪਣਾ ਕੋਈ ਕਸੂਰ ਨਹੀਂ ਹੁੰਦਾ। ਉਹ ਆਪਣੇ ਸੀਰੀ ਬਾਰੇ ਇਹ ਜ਼ਰੂਰ ਕਹੇਗਾ ਕਿ ਉਸ ਨੇ ਉਸ ਦਾ ਆਖਾ ਨਹੀਂ ਮੰਨਿਆ ਇਸ ਲਈ ਦਿਵਾਲਾ ਨਿਕਲ ਗਿਆ। ਜੇ ਅਜਿਹੇ ਪੱਤੇਬਾਜ਼ ਦਾ ਸੀਰੀ ਕੋਈ ਚੰਗਾ ਤੇ ਤਕੜਾ ਬੰਦਾ ਹੋਵੇ ਤਾਂ ਉਹ ਉਸ ਤੋਂ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਆਪਣੇ ਸੀਰੀ ਲਈ ਕਈ ਅਜਿਹੇ ਮੌਕੇ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ ਜਿਸ ਨਾਲ ਵਪਾਰ ਵਿਚ ਘਾਟਾ ਪੈ ਜਾਵੇ ਤਾਂ ਕਿ ਉਸ ਦੇ ਸੀਰੀ ਦੀ ਬਦਨਾਮੀ ਹੋ ਸਕੇ।
ਅਜਿਹੇ ਪੱਤੇਬਾਜ਼ਾਂ ਦੀ ਇਹ ਖਾਸ ਆਦਤ ਹੁੰਦੀ ਹੈ ਕਿ ਉਹ ਨਫ਼ਰਤ ਦੀ ਜ਼ਹਿਰ ਨਾਲ ਭਰੇ ਹੁੰਦੇ ਹਨ ਤੇ ਦੁਸ਼ਮਣੀਆਂ ਘੜਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਸਾੜੇ ਦੀ ਅੱਗ ਵਿਚ ਸਾੜਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਜਦੋਂ ਵੀ ਮੌਕਾ ਮਿਲੇ ਉਹ ਹੱਥੋ-ਪਾਈ ਤੇ ਲੜਨ ਮਾਰਨ ਤੇ aੁੱਤਰ ਆਉਂਦੇ ਹਨ।ਪਰ ਉਸ ਵੱਲੋਂ ਕੀਤੀਆਂ ਗੱਲਾਂ ਵੀ ਨਫ਼ਰਤ ਵਿਚ ਹੀ ਭਿੱਜੀਆਂ ਹੁੰਦੀਆਂ ਹਨ ਤੇ ਬੜੀਆਂ ਖਤਰਨਾਕ ਹੋ ਸਕਦੀਆਂ ਹਨ।ਇਹੋ ਜਿਹੇ ਲੋਕ ਜੇ ਕਿਸੇ ਨੂੰ ਤੋਹਫ਼ਾ ਦੇਣ ਤਾਂ ਉਸ ਤੋਹਫ਼ੇ ਵਿਚ ਖਤਰਾ ਵੀ ਹੋ ਸਕਦਾ ਹੈ ਜਿਸ ਵਿਚ ਜ਼ਹਿਰ ਜਾਂ ਕਿਸੇ ਬੰਬ ਵਗੈਰਾ ਦੀ ਸੰਭਾਵਨਾਂ ਹੋ ਸਕਦੀ ਹੈ।
ਪੱਤੇਬਾਜ਼ਾਂ ਦੀ ਇਸ ਲੁਕੀ ਹੋਈ ਮਾਨਸਿਕਤਾ ਨੂੰ ਪਛਾਨਣਾ ਜ਼ਰੂਰੀ ਹੈ। ਉਹ ਇਸ ਲਈ ਕਿ ਇਹਨਾਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਿਚ ਹੀ ਭਲਾਈ ਹੈ। ਨਹੀਂ ਤਾਂ ਗੰਦ ਨੂੰ ਛੇੜਿਆਂ ਛਿੱਟੇ ਹੀ ਪੈਂਦੇ ਹਨ, ਇਹ ਵੀ ਅਸੀਂ ਜਾਣਦੇ ਹਾਂ…।

No comments:

Post a Comment