Wednesday, June 23, 2010

ਨਿੱਕੀਆਂ ਉਮਰਾਂ-ਵੱਡੇ ਸਾਕੇ

ਨਿੱਕੀਆਂ ਉਮਰਾਂ-ਵੱਡੇ ਸਾਕੇ
(ਗੁਰਚਰਨ ਸਿੰਘ ਜੈਤੋ)

ਹਰਿਆਣਾ ਵਰਗੇ ਸੂਬੇ ਵਿਚ ਸਿਰਫ਼ ਖਾਪ ਪੰਚਾਇਤਾਂ ਨੇ ਹੀ ਖੱਪ ਨਹੀਂ ਪਾ ਰੱਖੀ, ਜਿਥੇ ਪਰਿਵਾਰ ਦੀ ਇੱਜ਼ੱਤ ਰੱਖਣ ਲਈ ਜਵਾਨ ਬੱਚਿਆਂ ਨੂੰ ਆਪਣੀ ਜਾਤ ਗੋਤ ਤੋਂ ਬਾਹਰ ਜਾ ਕੇ ਵਿਆਹ ਕਰਵਾਉਣ ਦੀ ਸਜ਼ਾ ਉਹਨਾਂ ਦੀ ਮੌਤ ਹੈ; ਸਗੋਂ ਦੁਨੀਆਂ ਵਿਚ ਅਜਿਹੇ ਲੋਕ ਵੀ ਰਹਿੰਦੇ ਨੇ ਜਿਹੜੇ ਆਪਣੇ ਹੀ ਪਰਿਵਾਰਾਂ ਤੇ ਰਿਸ਼ਤੇਦਾਰੀਆਂ ਵਿਚ ਛੋਟੀਆਂ ਬੱਚੀਆਂ ਦੇ ਵਿਆਹ ਕਰਨ ਲਈ, ਉਹਨਾਂ ਨੂੰ ਨਿੱਕੀ ਉਮਰ ਵਿਚ ਮਜਬੂਰ ਹੀ ਨਹੀਂ ਕਰਦੇ, ਸਗੋਂ ਉਹਨਾਂ'ਤੇ ਜ਼ੁਲਮ ਵੀ ਕਰਦੇ ਹਨ।ਇਹ ਲੋਕ ਔਰਤਾਂ ਤੇ ਅਤਿਆਚਾਰ ਉਹਨਾਂ ਦੇ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਕੁੜੀਆਂ ਨੂੰ ਤਾਂ ਜੰਮਣ ਤੋਂ ਪਹਿਲਾਂ ਹੀ ਮਾਰਨ ਦੀ ਘਿਨਾਉਣੀ ਰੀਤ ਸਾਡੇ ਆਪਣੇ ਦੇਸ਼ ਵਿਚ ਵੀ ਜੜ੍ਹਾਂ ਫੜ ਚੁੱਕੀ ਹੈ।ਸਰਕਾਰਾਂ ਤੇ ਅਦਾਲਤਾਂ ਇਸ ਨੂੰ ਠਲ੍ਹ ਪਾਉਣ ਵਿਚ ਕਾਮਯਾਬ ਹੋਏ ਨਹੀਂ ਲਗਦੇ।ਕਾਨੂੰਨ ਛੇਤੀ ਛੇਤੀ ਬਣਦੇ ਨਹੀਂ, ਖਾਸਾ ਨੁਕਸਾਨ ਹੋਣ ਪਿਛੋਂ ਹੀ ਕਾਨੂੰਨਾਂ ਵਿਚ ਸੁਧਾਰ ਕਰਨ ਜਾਂ ਨਵੇਂ ਕਾਨੂੰਨ ਬਣਾਉਣ ਦੀ ਨੌਬਤ ਆਉਂਦੀ ਹੈ।
ਇਹ ਕਹਾਣੀ ਯਮਨ ਦੇਸ਼ ਦੀ ਬਾਰਾਂ ਸਾਲਾਂ ਦੀ ਇਕ ਬੱਚੀ ਦੀ ਹੈ। ਸਾਲ ੨੦੦੮ ਵਿਚ ਜਦੋਂ ਰੀਮ-ਅਲ-ਨੁਮੇਰੀ ਨੂੰ ਸਕੂਲ ਦੀਆਂ ਛੁਟੀਆਂ ਹੋਈਆਂ ਤਾਂ ਉਸ ਦਾ ਵਿਆਹ ਉਹਦੀ ਮਾਸੀ ਦੇ ਮੁੰਡੇ ਨਾਲ ਕਰ ਦਿੱਤਾ ਗਿਆ ਜਿਸ ਦੀ ਉਮਰ ਤੀਹ ਸਾਲ ਦੀ ਸੀ। ਜਦੋਂ ਵਿਆਹ ਦੀਆਂ ਰਸਮਾਂ ਲਈ ਉਹਦੀਆਂ ਮੀਢੀਆਂ ਗੁੰਦੀਆਂ ਗਈਆਂ ਤਾਂ ਰੀਮ ਨੇ ਬੇਬਸ ਤੇ ਬਿਹਬਲ ਹੁੰਦਿਆਂ ਵਿਆਹ ਤੋਂ ਬਗਾਵਤ ਕਰਨ ਲਈ ਸੋਚਿਆ ਕਿ ਉਹ ਆਪਣੇ ਵਿਆਹ ਵਾਲੇ ਜੋੜੇ ਨੂੰ ਕਦੋਂ ਤੇ ਕਿਵੇਂ ਸਾੜ ਸਕੇਗੀ। ਇਕ ਛੋਟੀ ਬੱਚੀ ਇਸ ਤੋਂ ਵੱਧ ਬੇਬਸ ਹੋ ਕੇ ਹੋਰ ਸੋਚ ਵੀ ਕੀ ਸਕਦੀ ਹੈ? ਫੇਰ ਜਦੋਂ ਉਹਨੇ ਆਪਣੇ ਘਰਦਿਆਂ ਨੂੰ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹਦੇ ਪਿਓ ਨੇ ਉਹਦਾ ਮੂੰਹ ਬੰਨ੍ਹ ਦਿੱਤਾ ਤੇ ਹੱਥਾਂ ਪੈਰਾਂ ਨੂੰ ਰੱਸੀਆਂ ਨਾਲ ਜਕੜ ਦਿੱਤਾ। ਅਖੀਰ ਕੁੱਟ ਮਾਰ ਕਰਨ ਪਿੱਛੋਂ ਉਹਦਾ ਵਿਆਹ ਜ਼ਬਰਦਸਤੀ ਉਸ ਤੀਹ ਸਾਲ ਦੇ ਬੰਦੇ ਨਾਲ ਕਰ ਦਿੱਤਾ ਗਿਆ।ਉਸ ਪਿੱਛੋਂ ਰੀਮ ਨੇ ਦੋ ਵਾਰ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮਰ ਨਾ ਸਕੀ, ਉਤੋਂ ਉਸ ਨੂੰ ਹੋਰ ਮਾਰ ਖਾਣੀ ਪਈ।
ਯਮਨ ਦੇਸ਼ ਵਿਚ ਛੋਟੀਆਂ ਬੱਚੀਆਂ ਨਾਲ ਇਹੋ ਜਿਹਾ ਵਰਤਾਰਾ ਓਥੋਂ ਦੀਆਂ ਪਰੰਪਰਾਵਾਂ ਤੇ ਰਿਵਾਜਾਂ ਕਰਕੇ ਸਮਾਜ ਵਿਚ ਆਮ ਕੀਤਾ ਜਾਂਦਾ ਹੈ। ਇਹ ਇਨਸਾਨੀ ਕਦਰਾਂ ਕੀਮਤਾਂ ਪੱਖੋਂ ਕਿਸੇ ਜ਼ੁਲਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਸਾਨੂੰ ਪਤਾ ਹੈ ਕਿ ਹਰ ਕਾਰਨਾਮੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਤੇ ਉਸ ਦਾ ਪ੍ਰਤੀਕਰਮ ਹੋਣਾ ਵੀ ਜ਼ਰੂਰੀ ਹੈ। ਇਹਨਾਂ ਜ਼ੁਲਮਾਂ ਵਿਰੁਧ ਵੀ ਓਥੋਂ ਦੀਆਂ ਬੱਚੀਆਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੇ ਇਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਲਈ ਇਕ ਸੰਸਥਾ ਵੀ ਬਣਾ ਲਈ ਹੈ।ਰੀਮ ਵੀ ਉਸ ਸੰਸਥਾ ਦਾ ਹਿੱਸਾ ਬਣ ਚੁੱਕੀ ਹੈ।ਇਹ ਛੋਟੀਆਂ ਬੱਚੀਆਂ ਆਪਣੇ ਹੱਕਾਂ ਦੀ ਰਾਖੀ ਲਈ ਏਨੀ ਛੋਟੀ ਉਮਰ ਵਿਚ ਵੀ ਆਪਣੀ ਆਵਾਜ਼ ਸੰਸਾਰ ਦੀਆਂ ਲੋਕ ਹੱਕਾਂ ਲਈ ਜੂਝ ਰਹੀਆਂ ਸੰਸਥਾਵਾਂ ਤਕ ਪਹੁੰਚਦੀ ਕਰਨ ਵਿਚ ਕਾਮਯਾਬ ਹੋ ਗਈਆਂ।
ਇਸ ਦਾ ਕੁਝ ਅਸਰ ਤਾਂ ਉਸ ਦੇਸ਼ ਵਿਚ ਦੇਖਣ ਨੂੰ ਇਹ ਮਿਲਿਆ ਕਿ ਲ਼ੜਕੀਆਂ ਲਈ ਰਜ਼ਾਮੰਦ ਹੋ ਕੇ ਵਿਆਹ ਕਰਵਾਉਣ ਲਈ ਉਮਰ, ਵਧਾ ਕੇ ਸਤਾਰਾਂ ਸਾਲ ਕਰ ਦਿੱਤੀ ਗਈ ਹੈ।ਓਥੇ ਗਰੀਬੀ ਤੇ ਆਰਥਕ ਤੰਗੀਆਂ ਤੋਂ ਬਚਣ ਲਈ ਪਰਿਵਾਰਾਂ ਵਿਚ ਬਹੁਤ ਛੋਟੀ ਉਮਰ ਵਿਚ ਹੀ ਲੜਕੀਆਂ ਨੂੰ ਵਿਆਹ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਓਥੋਂ ਦੇ ਰੀਤੀ ਰਿਵਾਜਾਂ ਅਨੁਸਾਰ ਲਾੜਾ ਲਾੜੀ ਦੀ ਉਡੀਕ ਸਿਰਫ਼ ਉਹਦੇ ਗਭਰੀਟ ਹੋਣ ਤੱਕ ਹੀ ਕਰਦਾ ਹੈ। ਜਿਉਂ ਹੀ ਲੜਕੀ ਜਵਾਨੀ ਵਿਚ ਪੈਰ ਧਰਨਾ ਅਜੇ ਸ਼ੁਰੂ ਕਰਦੀ ਹੀ ਹੈ ਕਿ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰੀ ਤਾਂ ਬਚਪਨ ਵਿਚ ਹੀ ਉਸ ਨੂੰ ਵਿਆਹ ਦਿੱਤਾ ਜਾਂਦਾ ਹੈ।
ਰੀਮ ਨੇ ਆਪਣੇ ਦੁੱਖ ਸੁਣਾਉਂਦਿਆਂ ਕਿਸੇ ਅੰਤਰਰਾਸ਼ਟਰੀ ਪੱਤਰਕਾਰ ਨੂੰ ਇਹ ਦੱਸਿਆ ਕਿ ਉਸ ਦੇ ਪਤੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਜਦੋਂ ਉਸ ਨੇ ਆਪਣੇ ਪਤੀ ਨੂੰ ਹਮਬਿਸਤਰ ਹੋਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦਾ ਗਲ਼ ਘੁਟੱਣ ਦੀ ਕੋਸ਼ਿਸ਼ ਕੀਤੀ, ਸਰੀਰ'ਤੇ ਦੰਦੀਆਂ ਵੱਢੀਆਂ ਤੇ ਮਾਰ ਕੁੱਟ ਕੀਤੀ।ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ।ਉਸ ਦੇ ਪਤੀ ਨੇ ਆਪਣੀ ਤਾਕਤ ਨਾਲ ਉਸ ਨੂੰ ਬੁਰੀ ਤਰਾਂ ਝੰਜੋੜ-ਮਧੋਲ਼ ਕੇ ਸੁੱਟ ਦਿੱਤਾ।ਰੀਮ ਨੇ ਵੀ ਹਿੰਮਤ ਨਾ ਹਾਰੀ ਤੇ ਉਹ ਆਪਣੇ ਤੇ ਹੋ ਰਹੇ ਜ਼ੁਲਮ ਦੇ ਵਿਰੋਧ ਵਿਚ ਹਰ ਕਿਸੇ ਨਾਲ ਗੱਲ ਕਰਦੀ ਰਹੀ।ਜਦੋਂ ਖ਼ਬਰਾਂ ਯੂਰਪੀ ਦੇਸ਼ਾਂ ਤੱਕ ਵੀ ਪਹੁੰਚ ਗਈਆਂ ਤਾਂ ਓਥੋਂ ਪੱਤਰਕਾਰ ਆ ਕੇ ਰੀਮ ਦੇ ਦੁੱਖੜੇ ਸੁਣ ਸੁਣ ਕੇ ਖ਼ਬਰਾਂ ਛਾਪਦੇ ਰਹੇ।
ਯਮਨ ਵਿਚ ਇਸ ਲਹਿਰ ਨੇ ਹੁਣ ਸਿਆਸੀ ਰੰਗ ਵੀ ਫੜ ਲਿਆ ਹੈ। ਉਸ ਦੇਸ਼ ਵਿਚ ਸਭ ਤੋਂ ਪਹਿਲਾਂ ਅਜਿਹੇ ਜ਼ੁਲਮਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਕੁੜੀ ਦਾ ਨਾਂ ਨੁਜੂਦ-ਅਲ-ਅਹਦਿਲ ਹੈ।ਜਦੋਂ ਉਹ ਅਜੇ ਦਸਾਂ ਸਾਲਾਂ ਦੀ ਹੀ ਸੀ ਕਿ aਸਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ, ਪਰ ਉਸ ਨੇ ਵਿਆਹ ਕਰਵਾਉਣ ਤੋਂ ਸਾਫ਼ ਨਾਂਹ ਕਰ ਦਿੱਤੀ। ਉਸ ਦਾ ਵਿਆਹ ਜ਼ਬਰਦਸਤੀ ਕਰ ਦਿੱਤਾ ਗਿਆ।ਵਿਆਹ ਪਿੱਛੋਂ ਉਸ ਬਾਲੜੀ ਨੇ ਹਿੰਮਤ ਕਰਕੇ ਤਲਾਕ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ।ਹਾਲਾਤ ਕੁਝ ਅਜਿਹੇ ਬਣ ਗਏ ਕਿ ਉਸ ਨਾਲ ਇਨਸਾਫ਼ ਹੋਇਆ ਵੀ।ਉਸ ਦੀ ਹਿੰਮਤ ਦੀਆਂ ਕਹਾਣੀਆਂ ਜਦੋਂ ਅਖ਼ਬਾਰਾਂ ਰਸਾਲਿਆਂ ਵਿਚ ਛਪੀਆਂ ਤਾਂ ਦੁਨੀਆਂ ਦੇ ਲੋਕਾਂ ਦਾ ਧਿਆਨ ਬਾਲ-ਵਿਆਹ ਦੀਆਂ ਸਮੱਸਿਆਵਾਂ ਵੱਲ ਖਿਚਿਆ ਜਾਣਾ ਸੁਭਾਵਕ ਸੀ।
ਰੀਮ ਤੇ ਅਲ-ਅਹਦਿਲ ਦੋਹਾਂ ਬਾਲੜੀਆਂ ਦੀ ਸਥਿਤੀ ਲਗਭਗ ਇਕੋ ਜਿਹੀ ਹੋਣ ਕਰਕੇ ਉਹਨਾਂ ਦਾ ਵਕੀਲ ਵੀ ਇਕੋ ਹੈ। ਪਰ ਰੀਮ ਨੂੰ ਬੜੀਆਂ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ ਹੈ। ਰੀਮ ਦਾ ਪਿਤਾ ਉਸ ਨੂੰ ਤਲਾਕ ਦਿਵਾਉਣ ਲਈ ਰਜ਼ਾਮੰਦ ਨਹੀਂ। ਜੱਜ ਲਈ ਇਹ ਜ਼ਰੂਰੀ ਹੈ ਕਿ ਕਿ ਰੀਮ ਨਾਬਾਲਗ ਹੋਣ ਕਰਕੇ ਅਦਾਲਤ ਵਿਚ ਉਸ ਦੇ ਬਿਆਨ ਦੀ ਪੁਸ਼ਟੀ ਉਹਦੇ ਪਿਤਾ ਵੱਲੋਂ ਕੀਤੀ ਜਾਵੇ।ਰੀਮ ਨੂੰ ਪੰਦਰਾਂ ਸਾਲ ਦੀ ਉਮਰ ਤਕ ਆਪਣੇ ਫ਼ੈਸਲੇ ਆਪ ਕਰਨ ਦਾ ਕਾਨੂੰਨੀ ਹੱਕ ਨਹੀਂ।ਰੀਮ ਦੇ ਵਕੀਲ ਨੇ ਅਦਾਲਤ ਵਿਚ ਅਪੀਲ ਦਾਇਰ ਕਰ ਦਿੱਤੀ ਹੈ ਤੇ ਅਜ ਕਲ੍ਹ ਉਹ ਆਪਣੀ ਮਾਂ ਕੋਲ ਰਹਿ ਰਹੀ ਹੈ।ਉਹ ਕਾਨੂੰਨੀ ਤੌਰ'ਤੇ ਵਿਆਹੀ ਜਾ ਚੁੱਕੀ ਹੈ। ਉਸ'ਤੇ ਹੋ ਰਹੇ ਅਤਿਆਚਾਰ ਨੂੰ ਇਸ ਲਈ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਉਸ ਦੇਸ਼ ਦੇ ਕਾਨੂੰਨ ਵਿਚ ਵਿਆਹੁਤਾ ਜੀਵਨ ਵਿਚ ਹੁੰਦੇ ਬਲਾਤਕਾਰ ਵਰਗੇ ਜੁਰਮ ਦੇ ਵਿਰੁਧ ਕੋਈ ਸੁਣਵਾਈ ਨਹੀਂ ਹੋ ਸਕਦੀ। ਇਹ ਬਾਰਾਂ ਸਾਲਾਂ ਦੀ ਨਿੱਕੀ ਬੱਚੀ ਹੁਣ ਆਪਣੇ ਪਤੀ ਅਤੇ ਪਿਤਾ ਦੇ ਰਹਿਮ'ਤੇ ਹੀ ਜਿਉਂ ਰਹੀ ਹੈ।ਉਸ ਨੇ ਇਕ ਪੱਤਰਕਾਰ ਨੂੰ ਇਹ ਵੀ ਕਿਹਾ ਜੇ ਉਸ ਨੇ ਆਪਣੇ ਪਿਤਾ ਦੀ ਗੱਲ ਨਾ ਮੰਨੀ ਤਾਂ ਹੋ ਸਕਦੈ ਉਸਨੂੰ ਜਾਨੋਂ ਮਾਰ ਦਿੱਤਾ ਜਾਵੇ।'ਪਰ ਮੇਰਾ ਤਾਂ ਸਕੂਲ ਜਾਣ ਨੂੰ ਦਿਲ ਕਰਦੈ।' ਉਸ ਨੇ ਭਰੀਆਂ ਅੱਖਾਂ ਨਾਲ ਕਿਹਾ ਸੀ।
ਉਸ ਨੇ ਇਹ ਵੀ ਕਿਹਾ ਕਿ 'ਮੇਰੀ ਉਮਰ ਦੀ ਕਿਸੇ ਵੀ ਕੁੜੀ ਵਾਂਗ ਮੈਂ ਆਪਣਾ ਬਚਪਨ ਮਾਨਣਾ ਚਾਹੁੰਦੀ ਹਾਂ।' ਪਰ ਜਿਹਨਾਂ ਹਾਲਾਤਾਂ ਵਿਚੋਂ ਉਹ ਲੰਘ ਰਹੀ ਹੈ ਉਸ ਨੂੰ ਇਹ ਸੰਭਵ ਨਹੀਂ ਲਗਦਾ।ਰੀਮ ਦੇ ਵਕੀਲ ਦਾ ਕਹਿਣਾ ਸੀ ਕਿ ਉਹ ਕਦੇ ਕਦੇ ਤਾਂ ਪ੍ਰੌੜ੍ਹ ਔਰਤਾਂ ਵਾਂਗ ਗੱਲਾਂ ਕਰਦੀ ਹੈ ਜਿੰਨ੍ਹਾਂ ਦੇ ਵਿਆਹ ਕਈ ਸਾਲ ਪਹਿਲਾਂ ਹੋ ਚੁੱਕੇ ਹੋਣ। ਵਿਆਹ ਹੋਣ ਪਿੱਛੋਂ ਉਸ ਦੇ ਅਨੁਭਵ ਨੇ ਨਾ ਤਾਂ ਉਸ ਨੂੰ ਬੱਚੀ ਰਹਿਣ ਦਿੱਤਾ ਹੈ ਤੇ ਨਾ ਹੀ ਅਜੇ ਉਹ ਪੂਰੀ ਔਰਤ ਬਣੀ ਹੈ।
ਯਮਨ ਦੇਸ਼ ਵਿਚ ਅਦਾਲਤਾਂ ਦੇ ਜੱਜ ਅਜਿਹੀਆਂ ਕੱਚੀ ਉਮਰ ਦੀਆਂ ਬੱਚੀਆਂ ਨੂੰ ਤਲਾਕ ਦੇਣ ਤੋਂ ਬੇਬਸ ਹਨ ਕਿਉਂਕਿ ਅਜਿਹਾ ਕੋਈ ਕਾਨੂੰਨ ਨਹੀਂ ਜਿਸ ਹੇਠ ਉਹ ਸਜ਼ਾ ਦੇ ਸਕਣ।ਅੰਤਰਰਾਸ਼ਟਰੀ ਸੰਸਥਾਵਾਂ ਉਹਨਾਂ ਉੱਤੇ ਅਜਿਹੇ ਕੇਸਾਂ ਦਾ ਹਵਾਲਾ ਦੇ ਕੇ ਦਬਾਅ ਬਣਾ ਰਹੀਆਂ ਹਨ ਤਾਂ ਕਿ ਇਨਸਾਨੀ ਹੱਕਾਂ ਦੀ ਖਾਸ ਕਰ ਬਚਪਨ ਵਿਚ ਆਜ਼ਾਦ ਹੋ ਕੇ ਜੀਵਨ ਜਿਉਣ ਦੀ ਰਾਖੀ ਹੋ ਸਕੇ। ਅਜਿਹੇ ਕੇਸਾਂ ਨਾਲ ਪਰਿਵਾਰਾਂ ਦੇ ਅੰਦਰਲਾ ਮਾਹੌਲ, ਰੀਤੀ ਰਿਵਾਜ, ਪਰੰਪਰਾਵਾਂ, ਹੋਰ ਕਦਰਾਂ ਕੀਮਤਾਂ ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ।ਮਨੁੱਖ ਪਹਿਲਾਂ ਆਪਣੇ ਲਈ ਅਜਿਹੀਆਂ ਗੁੰਝਲਾਂ ਪੈਦਾ ਕਰ ਲੈਂਦਾ ਫੇਰ ਉਹਨਾਂ ਨੂੰ ਸੁਲਝਾਉਣ ਲਈ ਕਾਨੂੰਨ ਬਨਾਉਣ ਤੁਰ ਪੈਂਦਾ ਹੈ।ਇਹਨਾਂ ਗੁੰਝਲਾਂ ਨੂੰ ਸੁਲਝਾਉਣਾ ਕੋਈ ਸੌਖਾ ਕੰਮ ਨਹੀਂ, ਪਰ ਦੂਜੇ ਪਾਸੇ ਅਜਿਹੀਆਂ ਸਮੱਸਿਆਵਾਂ ਮਨੁੱਖੀ ਜੀਵਨ ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਵੀ ਕਰਦੀਆਂ ਰਹਿਣਗੀਆਂ।
ਅਮਰੀਕਾ ਨੇ ੨੦੦੯ ਦੇ ਬਹਾਦਰੀ ਇਨਾਮ ਲਈ ਰੀਮ ਨੂੰ ਉਸ ਵੱਲੋਂ ਦਿਖਾਈ ਹਿੰਮਤ ਲਈ ਚੁਣਿਆ ਸੀ। ਉਸ ਨੂੰ ਇਸ ਸਾਲ ਇਹ ਇਨਾਮ ਦੇ ਦਿੱਤਾ ਗਿਆ ਹੈ।ਇਨਾਮ ਤਾਂ ਉਸ ਨੂੰ ਮਿਲ ਗਿਆ ਪਰ ਉਹਦਾ ਖੋਹਿਆ ਬਚਪਨ ਉਸ ਨੂੰ ਕੌਣ ਮੋੜੂ?
ਮੋਬਾਈਲ:੯੭੭੯੪੨੬੬੯੮

No comments:

Post a Comment