ਰਿਸ਼ਵਤਖੋਰੀ ਦਾ ਬੁਖਾਰ ਕਿਵੇਂ ਲਹੂ..?
(ਗੁਰਚਰਨ ਸਿੰਘ ਜੈਤੋ)
ਪੁਰਾਣੀਆਂ ਯਾਦਾਂ ਮਿੱਠੀਆਂ ਹੁੰਦੀਆਂ ਨੇ। ਕੌੜੀਆਂ ਯਾਦਾਂ ਕੁਝ ਸਿੱਖਣ ਲਈ ਸਾਂਭ ਰੱਖਣੀਆਂ ਚੰਗੀ ਗੱਲ ਹੁੰਦੀ ਹੈ। ਕਦੇ ਕਦਾਈਂ ਬਹਿ ਕੇ ਪੁਰਾਣੀਆਂ ਯਾਦਾਂ ਨੂੰ ਯਾਦ ਕਰਨਾ ਇਕ ਉਕਸਾਊ ਤੇ ਦਿਲ ਖਿਚਵਾਂ ਅਹਿਸਾਸ ਹੈ।ਮੈਨੂੰ ਕੋਈ ਹੋਰਾਂ ਨਾਲੋਂ ਇਸ ਸਿਲਸਿਲੇ ਵਿਚ ਵੱਖਰਾ ਅਹਿਸਾਸ ਨਹੀਂ। ਅਜ ਤੋਂ ਵੀਹ ਪੱਚੀ ਸਾਲ ਪਹਿਲਾਂ ਛੋਟੇ ਹੁੰਦੇ ਜਦੋਂ ਮੇਰੇ ਬੱਚੇ ਮੈਨੂੰ ਨਿੱਕੇ ਨਿੱਕੇ ਸਵਾਲ ਕਰਦੇ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਚੰਗੇ ਤਾਂ ਲਗਦੇ, ਪਰ ਸਵਾਲਾਂ ਦੇ ਜਵਾਬ ਲਭਦਿਆਂ ਮੈਂ ਪਰੇਸ਼ਾਨ ਵੀ ਹੋ ਜਾਇਆ ਕਰਦਾ ਸਾਂ। ਇਹ ਸ਼ਾਇਦ ਹਰੇਕ ਮਾਂ ਬਾਪ ਨਾਲ ਵਾਪਰਦਾ ਹੈ। ਬੱਚਿਆਂ ਨੂੰ ਇਮਾਨਦਾਰੀ ਤੇ ਮਿਹਨਤ ਦੀਆਂ ਕਹਾਣੀਆਂ ਸੁਨਾਉਣਾ ਮੈਨੂੰ ਚੰਗਾ ਲਗਦਾ ਹੁੰਦਾ ਸੀ। ਰਾਜਾ ਹਰੀਸ਼ ਚੰਦਰ ਦੀ ਕਹਾਣੀ ਮੈਂ ਅਕਸਰ ਸੁਣਾਉਂਦਾ। ਇਤਿਹਾਸ ਵਿਚੋਂ ਗੁਰੂਆਂ ਦੀਆਂ ਸੱਚ ਲਈ ਕੀਤੀਆਂ ਕੁਰਬਾਨੀਆਂ, ਉਪਦੇਸ਼ ਤੇ ਹੋਰ ਕਈ ਕਥਾ ਕਹਾਣੀਆਂ ਬੱਚਿਆਂ ਨੂੰ ਉਤਸਾਹਤ ਕਰਦੇ। ਇਕ ਵਾਰ ਮੇਰੇ ਬੱਚਿਆਂ ਨੇ ਮੈਨੂੰ ਪੁੱਛ ਲਿਆ ਕਿ ਕੀ ਕੋਈ ਅਜਿਹਾ ਸਮਾਜ ਵੀ ਸਿਰਜਿਆ ਜਾ ਸਕਦਾ ਹੈ ਜਿੱਥੇ ਗਾਂਧੀ ਵਰਗੇ ਲੀਡਰ ਤੇ ਰਾਜਾ ਹਰੀਸ਼ ਚੰਦਰ ਵਰਗੇ ਲੋਕ ਹੋਣ? ਜਿੱਥੇ ਲੋਕ ਸੱਚੇ-ਸੁੱਚੇ ਹੋਣ ਤੇ ਉਹਨਾਂ ਦੀਆਂ ਕਦਰਾਂ ਕੀਮਤਾਂ ਸਿਰਫ਼ ਸੱਚ'ਤੇ ਅਧਾਰਤ ਹੋਣ? ਬੱਚਿਆਂ ਦੇ ਇਹੋ ਜਿਹੇ ਸਵਾਲ ਮੈਨੂੰ ਨਿਰਉੱਤਰ ਕਰ ਦਿਆ ਕਰਦੇ ਸਨ। ਕਿਉਂਕਿ ਸਮਾਜ ਕਦੇ ਵੀ ਓਹੋ ਜਿਹਾ ਨਹੀਂ ਬਣ ਸਕਦਾ ਜੇਹੋ ਜਿਹਾ ਅਸੀਂ ਚਾਹੁੰਦੇ ਹਾਂ।
ਜਦੋਂ ਕਦੇ ਮੈਨੂੰ ਯਾਦਾਂ ਆ ਘੇਰਦੀਆਂ ਤਾਂ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਲਭੱਦਾ ਕਿ ਸਮਾਜ ਵਿਚ ਏਨਾ ਭਰਿਸ਼ਟਾਚਾਰ ਕਿਉਂ ਹੈ? ਸਾਡੇ ਸਮਾਜ ਦੀ ਮਾਨਸਿਕਤਾ ਦਿਨ ਬ ਦਿਨ ਨਿਘਰਦੀ ਕਿਉਂ ਜਾਂਦੀ ਹੈ? ਅਜਿਹੀ ਸਥਿਤੀ ਦੀ ਹੋਂਦ ਦੇ ਆਖਰ ਕੀ ਕਾਰਨ ਹਨ? ਕੀ ਸੱਚ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਉਂ ਈਮਾਨਦਾਰੀ, ਚੰਗੇ ਕਾਨੂੰਂਨ ਤੇ ਨੈਤਿਕ ਕਦਰਾਂ ਕੀਮਤਾਂ ਵਰਗੇ ਗੁਣਾਂ ਨੂੰ ਘੁਣ ਲਗਦਾ ਜਾਂਦੈ? ਦੁਨੀਆਂ ਵਿਚ ਕਿਉਂ ਇਨਸਾਨੀਅਤ ਮਰਦੀ ਜਾ ਰਹੀ ਹੈ? ਰਿਸ਼ਤਿਆਂ ਵਿਚ ਏਨਾ ਨਿਘਾਰ ਕਿਉਂ ਆ ਰਿਹਾ ਹੈ? ਕੌਣ ਅੱਗੇ ਆ ਕੇ ਇਹਨਾਂ ਕਦਰਾਂ ਕੀਮਤਾਂ ਤੇ ਸੱਚ ਦੇ ਚਾਨਣ ਨੂੰ ਬਹਾਲ ਕਰਨ ਦਾ ਬੀੜਾ ਚੁਕੇਗਾ? ਕੀ ਭਰਿਸ਼ਟਾਚਾਰ ਖਤਮ ਹੋ ਜਾਵੇਗਾ ਜਾਂ ਹੋ ਸਕਦਾ ਹੈ? ਕੀ ਇਹ ਧਰਤੀ ਮੁੜ ਕੇ ਸੱਚੇ-ਸੁੱਚੇ ਧਰਮਾਂ ਦੀ ਧਰਤੀ ਬਣ ਸਕੇਗੀ? ਏਨੇ ਸਾਰੇ ਸਵਾਲਾਂ ਨੇ ਮੇਰੇ ਦਿਮਾਗ਼ ਵਿਚ ਜਦੋਂ ਖੌਰੂ ਪਾਇਆ ਤਾਂ ਮੈਂ ਸੋਚਣ ਲਈ ਮਜਬੂਰ ਸਾਂ। ਸੋਚਿਆ ਕਿ ਇਸ ਦਾ ਵਿਸ਼ਲੇਸ਼ਣ ਕਰਕੇ ਕਿਸੇ ਤਰਕਸੰਗਤ ਨਤੀਜੇ'ਤੇ ਪਹੁੰਚਿਆ ਜਾਵੇ..! ਸੋਚਣ ਪਿੱਛੋਂ ਸਹੀ ਨਤੀਜੇ ਤੇ ਪਹੁੰਚਣਾ ਵੀ ਇਕ ਵੱਡੀ aਪਲਭਦੀ ਹੁੰਦੀ ਹੈ!
ਮੈਂ ਇਕ ਲਿਸਟ ਬਨਾਉਣੀ ਸ਼ੁਰੂ ਕੀਤੀ ਕਿ ਕਿਹੜੇ ਅਜਿਹੇ ਕਾਰਨ ਹਨ ਜਿੰਨ੍ਹਾਂ ਕਰਕੇ ਸਾਡਾ ਸਮਾਜ ਭਰਿਸ਼ਟ ਹੋ ਜਾਂਦਾ ਹੈ।ਬਹੁਤ ਸਾਰੇ ਕਾਰਨ ਸਾਹਮਣੇ ਆਏ ਵੀ। ਜਿਵੇਂ ਪਹਿਲਾ ਇਹ ਕਿ ਕਾਨੂੰਨ ਵਿਚ ਚੋਰ ਮੋਰੀਆਂ ਹਨ ਜਿੰਨ੍ਹਾਂ ਵਿਚੋਂ ਚਲਾਕ ਬੰਦੇ ਬੇਈਮਾਨੀਆਂ ਕਰਕੇ ਵੀ ਸਾਫ਼ ਸੁਥਰੇ ਬਾਹਰ ਨਿਕਲ ਆਉਂਦੇ ਹਨ, ਇਨਸਾਫ਼ ਜਿੰਨੇ ਚਿਰ ਵਿਚ ਮਿਲਣ ਦੀ ਉਮੀਦ ਹੁੰਦੀ ਹੈ ਓਨੇ ਚਿਰ ਵਿਚ ਮਿਲਦਾ ਨਹੀਂ, ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ, ਧਰਮ ਵਿਚੋਂ ਨਿੱਤ ਉੱਡ ਰਿਹਾ ਵਿਸ਼ਵਾਸ, ਨੇਕ ਤੇ ਪਵਿੱਤਰ ਵਿਚਾਰਾਂ ਦੀ ਅਣਹੋਂਦ, ਲਾਲਚ ਤੇ ਚਲਾਕੀ- ਲਿਸਟ ਲੰਮੀ ਹੁੰਦੀ ਗਈ..।
ਬੜੇ ਸ਼ਰਮ ਦੀ ਗੱਲ ਹੈ ਕਿ ਸਰਕਾਰੀ ਪਰਬੰਧਕੀ ਪਰਸਾਸ਼ਨ ਵਿਚ ਕੰਮ ਕਰਨ ਵਾਲੇ ਲੋਕ ਹੀ ਆਪਣੇ ਲਈ ਅਜਿਹਾ ਮਾਹੌਲ ਬਣਾ ਲੈਂਦੇ ਹਨ ਜਿਸ ਰਾਹੀਂ ਉਹ ਬੇਈਮਾਨੀ ਤੇ ਭਰਿਸ਼ਟਾਚਾਰ ਕਰਕੇ ਸਾਫ਼ ਬਚ ਕੇ ਨਿਕਲ਼ ਜਾਂਦੇ ਹਨ।'ਚੋਰ-ਚੋਰ ਮੌਸੇਰੇ ਭਾਈ' ਵਾਲਾ ਹਾਲ ਹੋਇਆ ਪਿਆ ਹੈ। ਪਹਿਲਾਂ ਲੋਕਾਂ ਲਈ ਗਲਤੀਆਂ ਕਰਨ ਦੇ ਮੌਕੇ ਪੈਦਾ ਕੀਤੇ ਜਾਂਦੇ ਨੇ ਤੇ ਜਦੋਂ ਲੋਕ ਗਲਤੀਆਂ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਫੜ ਕੇ ਕੁਝ ਲੈ ਦੇ ਕੇ ਛੱਡ ਦਿੱਤਾ ਜਾਂਦਾ ਹੈ। ਜੇ ਇਹੋ ਜਿਹੀਆਂ ਸਥਿਤੀਆਂ ਲਈ ਜ਼ਿੰਮੇਦਾਰ ਕਰਮਚਾਰੀਆਂ ਲਈ ਕੋਈ ਸਖਤ ਕਾਨੂੰਨ ਬਣੇ ਹੋਣ ਤਾਂ ਭਰਿਸ਼ਟਾਚਾਰ ਘਟ ਸਕਦਾ ਹੈ।ਏਥੇ ਇਕ ਉਦਾਹਰਨ ਦੇਣੀ ਕਾਫ਼ੀ ਹੋਵੇਗੀ।ਅਜਿਹੀਆਂ ਉਦਾਹਰਨਾਂ ਹੋਰ ਵੀ ਕਈ ਅਦਾਰਿਆਂ ਬਾਰੇ ਵੀ ਦਿੱਤੀਆਂ ਜਾ ਸਕਦੀਆਂ ਹਨ। ਪੰਜਾਬ ਦਾ ਇਕ ਅਦਾਰਾ ਭਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਲਗਾਤਾਰ ਖਬਰਾਂ ਵਿਚ ਬਣਿਆ ਰਹਿੰਦਾ ਹੈ।ਝੂਠੀਆਂ ਸੱਚੀਆਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਇਲਜ਼ਾਮ ਘਟ ਨਹੀਂ ਰਹੇ ਸਗੋਂ ਵਧ ਰਹੇ ਹਨ। ਹਰ ਮਾਂ ਪਿਓ ਚਾਹੁੰਦਾ ਹੈ ਕਿ ਉਸ ਦਾ ਬੱਚਾ ਸਭ ਤੋਂ ਚੰਗੇ ਨੰਬਰ ਲਵੇ, ਕਿਉਂਕਿ ਨੌਕਰੀ ਲਈ ਸਭ ਤੋਂ ਪਹਿਲਾਂ ਨੰਬਰਾਂ ਦੀ ਪ੍ਰਤੀਸ਼ਤ ਦੇਖੀ ਜਾਂਦੀ ਹੈ ਤੇ ਸਭ ਤੋਂ ਵਧ ਨੰਬਰਾਂ ਵਾਲਾ ਸਭ ਤੋਂ ਅਗੇ ਰੱਖ ਲਿਆ ਜਾਂਦਾ ਹੈ। ਕਾਬਲੀਅਤ ਦਾ ਇਸ ਨਾਲ ਕੋਈ ਸਬੰਧ ਨਹੀਂ ਹੁੰਦਾ। ਜੇ ਕੋਈ ਬੇਵਕੂਫ਼ ਦੇ ਸਭ ਤੋਂ ਵਧ ਨੰਬਰ ਹੋਣ ਤਾਂ ਉਸ ਨੂੰ ਨੌਕਰੀ ਤੋਂ ਜਵਾਬ ਦੇਣਾ ਪਰਬੰਧਕਾਂ ਲਈ ਸੌਖਾ ਕੰਮ ਨਹੀਂ। ਭਾਵੇਂ ਹੋਰ ਵੀ ਕਈ ਕਾਰਨ ਲੱਭੇ ਜਾ ਸਕਦੇ ਹਨ, ਪਰ ਇਹ ਅਹਿਮ ਹੈ। ਜਦੋਂ ਕੋਈ ਬੱਚਾ ਕਿਸੇ ਅਜਿਹੇ ਇਮਤਿਹਾਨ ਵਿਚ ਬੈਠਦਾ ਹੈ ਜਿਸ ਦੇ ਨੰਬਰਾਂ ਦੀ ਕੀਮਤ ਨੌਕਰੀ ਲਭਣ ਵਿਚ ਜਾਂ ਅੱਗੋਂ ਉੱਚ ਸਿਖਿਆ ਲਈ ਸਹਾਈ ਹੁੰਦੀ ਹੈ, ਉਸ ਲਈ ਮਾਂ ਪਿਓ ਹਰ ਕਿਸਮ ਦੀ ਭੱਜ ਦੌੜ ਕਰਨ ਲਈ ਕੋਈ ਕਸਰ ਨਹੀਂ ਛਡਦੇ। ਜਦੋਂ ਸ਼ੱਕ ਹੋਵੇ ਤਾਂ ਉਹ ਪੇਪਰਾਂ ਪਿੱਛੇ ਤੇ ਦਫ਼ਤਰਾਂ ਵਿਚ ਬੈਠੇ ਲੋਕਾਂ ਨਾਲ ਸੰਪਰਕ ਬਣਾ ਲੈਂਦੇ ਹਨ। ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ। ਬਹੁਤੇ ਮਾਪੇ ਇਕ ਦੂਜੇ ਦੀ ਮਦਦ ਕਰਨ ਲਈ ਸੰਪਰਕ ਕਰਨ ਵਾਲੇ ਬੰਦੇ ਦਾ ਪਤਾ ਠਿਕਾਣਾ ਦੱਸ ਪੁੱਛ ਲੈਂਦੇ ਹਨ। ਓਧਰ ਕਰਮਚਾਰੀ ਵੀ ਆਪਣੇ ਆਪ ਨੂੰ ਸੁਰਖਿਅਤ ਰਖਦਿਆਂ ਮਲ਼ਾਈ ਖਾਣ ਲਈ ਭਾਂਡਾ ਤਿਆਰ ਕਰੀ ਰਖਦੇ ਹਨ। ਉਹ ਮਾਪਿਆਂ ਨੂੰ ਵਰਗਲ਼ਾ ਕੇ ਉਹਨਾਂ ਦੇ ਸ਼ੱਕ ਦਾ ਲਾਹਾ ਲੈਂਦਿਆਂ ਬੱਚੇ ਨੂੰ ਪਾਸ ਕਰਵਾਉਣ ਜਾਂ ਚੰਗੇ ਨੰਬਰ ਲੁਆਉਣ ਦਾ ਭਰੋਸਾ ਦੁਆ ਕੇ ਮੂੰਹ ਮੰਗੀ ਰਕਮ ਇਹ ਕਹਿ ਕੇ ਲੈ ਲੈਂਦੇ ਹਨ ਕਿ ਜੇ ਬੱਚੇ ਦੇ ਨੰਬਰ ਚੰਗੇ ਆਏ ਜਾਂ ਉਹਨੂੰ ਪਾਸ ਕਰਵਾ ਦਿੱਤਾ ਗਿਆ ਤਾਂ ਇਹ ਪੈਸੇ ਰੱਖ ਲਏ ਜਾਣਗੇ ਨਹੀਂ ਤਾਂ ਜੇ ਉਹ ਸਫ਼ਲ ਨਾ ਹੋ ਸਕਿਆ ਤਾਂ ਪੈਸੇ ਮੋੜ ਦਿੱਤੇ ਜਾਣਗੇ। ਦਫਤਰ ਵਿਚ ਕੰਮ ਕਰਨ ਵਾਲਿਆਂ ਨੂੰ ਨਤੀਜੇ ਵਾਲੇ ਕਾਗ਼ਜ਼ ਦੇਖਣ ਤੋਂ ਕੋਈ ਰੋਕ ਟੋਕ ਨਹੀਂ ਹੋ ਸਕਦੀ। ਨਤੀਜੇ ਵਾਲੇ ਕਾਗ਼ਜ਼ ਦੇਖਣ ਪਿੱਛੋਂ ਜੇ ਬੱਚਾ ਪਹਿਲਾਂ ਤੋਂ ਹੀ ਪਾਸ ਹੈ ਤਾਂ ਉਸ ਕਰਮਚਾਰੀ ਲਈ ਨਾ ਹਿੰਗ ਲੱਗੀ ਨਾ ਫਟਕੜੀ, ਰੰਗ ਚੋਖਾ ਇਹ ਚੜ੍ਹਿਆ ਕਿ ਬਿਨਾ ਕੁਝ ਕੀਤਿਆਂ ਉਸ ਨੂੰ ਬੈਠੇ ਬਠਾਏ ਆਮਦਨ ਦਾ ਇਕ ਜ਼ਰੀਆ ਖੁੱਲ਼੍ਹ ਗਿਆ ਤੇ ਕਿਸੇ ਨੂੰ ਪਤਾ ਵੀ ਨਾ ਲੱਗਾ। ਸਿਰਫ਼ ਇਹ ਇਕ ਅਦਾਰੇ ਦੀ ਗੱਲ ਨਹੀਂ ਹਰ ਅਦਾਰੇ ਵਿਚ ਅਜਿਹੀਆਂ ਚੋਰ ਮੋਰੀਆਂ ਹੋ ਸਕਦੀਆਂ ਹਨ ਤੇ ਹੁੰਦੀਆਂ ਹਨ। ਇਹ ਨਹੀਂ ਕਿ ਵੱਡੇ ਅਫ਼ਸਰਾਂ ਨੂੰ ਇਹਨਾਂ ਦਾ ਪਤਾ ਨਹੀਂ ਹੁੰਦਾ, ਸਗੋਂ ਉਹ ਇਹਨਾਂ ਨੂੰ ਜਾਣ ਬੁੱਝ ਕੇ ਬੰਦ ਨਹੀਂ ਕਰਨਾ ਚਾਹੁੰਦੇ। ਜਿਹਨਾਂ ਨੂੰ ਬਿਨਾ ਕਿਸੇ ਦੇ ਚੂੰਢੀ ਵੱਢਿਆਂ ਮਲ਼ਾਈ ਖਾਣ ਨੂੰ ਮਿਲ ਜਾਵੇ ਉਹ ਕਿਉਂ ਕੁਝ ਕਰੇਗਾ? ਕਈ ਮਹਿਕਮੇ ਤਾਂ ਸਦੀਆਂ ਤੋਂ ਭਰਿਸ਼ਟਾਚਾਰ ਲਈ ਬਦਨਾਮ ਹਨ। ਇਹ ਗੱਲਾਂ ਲੋਕ ਆਮ ਕਰਦੇ ਦੇਖੇ ਜਾ ਸਕਦੇ ਹਨ ਕਿ ਸਾਡੇ ਮੁੰਡੇ ਨੂੰ ਤਾਂ ਅਸੀਂ ਫਲਾਣੇ ਮਹਿਕਮੇ ਵਿਚ ਭਰਤੀ ਕਰਵਾ ਦੇਣੈ, ਆਉਂਦੇ ਦੋ ਸਾਲਾਂ ਵਿਚ ਉਹ ਇਕ ਨਵੀਂ ਕੋਠੀ ਖੜੀ ਕਰ ਦੇਵੇਗਾ। ਅਜਿਹੀਆਂ ਗੱਲਾਂ ਕਰਨ ਲੱਗਿਆਂ ਲੋਕ ਸ਼ਰਮਾਉਂਦੇ ਨਹੀਂ, ਸਗੋਂ ਫਖ਼ਰ ਮਹਿਸੂਸ ਕਰਦੇ ਨੇ।
ਪਹਿਲਾਂ ਨਾਲੋਂ ਅਜ ਜ਼ਮਾਨੇ ਬਹੁਤ ਬਦਲ ਗਏ ਹਨ। ਕਦਰਾਂ ਕੀਮਤਾਂ ਦੀ ਕੋਈ ਅਹਿਮੀਅਤ ਨਹੀਂ ਰਹੀ। ਜਿਹੜਾ ਕੰਮ ਪੈਸਾ ਕਰਵਾ ਸਕਦਾ ਹੈ ਉਹ ਕੰਮ ਕਰਵਾਉਣ ਲਈ ਸੌਦੇਬਾਜ਼ੀ ਕਰਨੀ ਬੜਾ ਸੁਖਾਲਾ ਕੰਮ ਹੋ ਗਿਆ ਹੈ।ਅਨੇਕਾਂ ਕਾਨੂੰਨੀ ਤੇ ਗੈਰ ਕਾਨੂੰਨੀ ਤਰੀਕੇ ਮੌਜੂਦ ਹਨ ਜਿਹਨਾਂ ਦਾ ਸਹਾਰਾ ਲੈ ਕੇ ਕੋਈ ਵੀ ਭਰਿਸ਼ਟਾਚਾਰ ਰਾਹੀਂ ਆਪਣਾ ਕੰਮ ਕਢਵਾ ਕੇ ਫੜਿਆ ਨਹੀਂ ਜਾਂ ਸਕੇਗਾ। ਜਿੱਥੇ ਸਰਕਾਰਾਂ ਦੇ ਕੱਚੇ ਚਿੱਠੇ ਰੋਜ਼ ਅਖਬਾਰਾਂ ਵਿਚ ਛਪਦੇ ਹੋਣ, ਜਿੱਥੈ ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਤੇ ਹਜ਼ਾਰਾਂ ਕਰੋੜਾਂ ਦੇ ਘਪਲਿਆਂ ਦੇ ਇਲਜ਼ਾਮ ਲਗਦੇ ਹੋਣ ਤੇ ਦਹਾਕਿਆਂ ਤਕ ਉਹਨਾਂ ਅਖੌਤੀ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੇ, ਓਥੇ ਲੋਕ ਨੈਤਿਕ ਕਦਰਾਂ ਕੀਮਤਾਂ ਦਾ ਪੱਲਾ ਫੜ ਕੇ ਕੀ ਕਰਨਗੇ? ਅਜ ਮਾਹੌਲ ਅਜਿਹਾ ਬਣ ਚੁੱਕਾ ਹੈ ਕਿ ਦੂਜੀ ਧਿਰ ਦੀ ਸਿਰਫ਼ ਤਸੱਲੀ ਹੋਣੀ ਚਾਹੀਦੀ ਹੈ, ਕੰਮ ਕੋਈ ਨਹੀਂ ਰੁਕੇਗਾ।
ਜੇ ਸਮਾਜ ਵਿਚੋਂ ਏਸ ਗੰਦ ਨੂੰ ਬਾਹਰ ਕਢਣਾ ਜਾਂ ਧੋਣਾ ਜ਼ਰੂਰੀ ਹੈ ਤਾਂ ਸਹੀ ਸਮੇਂ ਸਹੀ ਇਨਸਾਫ਼ ਲਈ ਬੜੇ ਸਹੀ ਤੇ ਸਖਤ ਕਾਨੂੰਨ ਹੋਣੇ ਜ਼ਰੂਰੀ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ।ਪਰ ਕਮਾਲ ਦੀ ਗੱਲ ਇਹ ਵੀ ਹੈ ਕਿ ਗੱਲ ਫੇਰ ਵੀ ਨਹੀਂ ਬਣੇਗੀ।ਔਗੁਣਾਂ ਤੋਂ ਬਚਣ ਲਈ ਬਦਲੀ ਹੋਈ ਸੋਚ ਦਾ ਹੋਣਾ ਜ਼ਰੂਰੀ ਹੈ।ਨਹੀਂ ਤਾਂ ਕਤਲ ਦੀ ਸਜ਼ਾ ਫਾਂਸੀ ਨੇ ਕੋਈ ਕਤਲ ਘਟ ਨਹੀਂ ਕੀਤੇ, ਇਹ ਤਾਂ ਕਾਤਲ ਦੀ ਸੋਚ ਬਦਲਣੀ ਜ਼ਰੂਰੀ ਹੈ, ਫੇਰ ਹੀ ਇਹ ਅਪਰਾਧ ਘਟਣਗੇ।ਬਚਪਨ ਤੋਂ ਹੀ ਘਰਾਂ ਵਿਚ ਬੱਚਿਆਂ ਨੂੰ ਇਹੋ ਜਿਹੀ ਸਿਖਿਆਂ ਉਹਨਾਂ ਦੇ ਮਾਂ ਪਿਓ ਵੱਲੋਂ ਮਿਲੇ ਤਾਂ ਉਸ ਬੱਚੇ ਦਾ ਚੰਗਾ ਕਿਰਦਾਰ ਬਣੇਗਾ।
ਪਦਾਰਥਵਾਦ ਤੇ ਵਾਧੂ ਲੋੜਾਂ ਨੇ ਸਾਡੇ ਦੇਸ਼ ਵਿਚ ਪੱਛਮੀ ਦੇਸ਼ਾਂ ਦੀਆਂ ਸਹੂਲਤਾਂ ਤੇ ਹੋਰ ਲਾਲਚ ਸਾਡੀ ਨੌਜਵਾਨ ਪੀੜ੍ਹੀ ਲਈ ਪੈਦਾ ਕੀਤੇ। ਛੇਤੀ ਪੈਸਾ ਬਨਾਉਣ ਦੇ ਨਵੇਂ ਢੰਗ ਤਰੀਕੇ ਕੱਢੇ ਜਾ ਰਹੇ ਨੇ ਤਾਂ ਕਿ ਵਾਧੂ ਲੋੜਾਂ ਛੇਤੀ ਤੋਂ ਛੇਤੀ ਪੂਰੀਆਂ ਹੋ ਸਕਣ ਭਾਵੇਂ ਇਹ ਤਰੀਕੇ ਚੰਗੇ ਹੋਣ ਜਾਂ ਮਾੜੇ।ਜੇ ਸਮਾਜ ਦੀਆਂ ਅਜਿਹੀਆਂ ਲੋੜਾਂ ਪੂਰੀਆਂ ਕਰਨੀਆਂ ਜ਼ਰੂਰੀ ਸਮਝੀਆਂ ਜਾਂਦੀਆਂ ਹਨ ਤਾਂ ਕਿ ਸਹੂਲਤਾਂ ਤੇ ਆਰਾਮਪਸੰਦਗੀ ਦੇ ਸਾਧਨ ਪੈਦਾ ਕੀਤੇ ਜਾ ਸਕਣ ਤੇ ਅਜਿਹੀਆਂ ਲੋੜਾਂ ਜ਼ਰੂਰਤ ਬਣ ਜਾਣ ਤਾਂ ਉਸ ਲਈ ਬੇਈਮਾਨੀ ਵੀ ਜ਼ਰੂਰੀ ਹੈ।
ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਲ਼ੜਨ ਲਈ ਇਕ ਅਜਿਹੀ ਲਹਿਰ ਚਲਾਈ ਜਿਸ ਪਿੱਛੇ ਦੇਸ਼ ਦੇ ਸਾਰੇ ਲੋਕ ਆ ਖੜ੍ਹੇ ਹੋਏ। ਗਾਂਧੀ ਨੇ ਵੀ ਲੋਕਾਂ ਨੂੰ ਨੈਤਿਕਤਾ ਤੇ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ ਅੱਗੇ ਤੋਰਿਆ। ਇੰਝ ਲੋਕ ਇਕੱਠੇ ਹੋਏ, ਜਾਗਰੂਕ ਹੋਏ ਤੇ ਲਹਿਰ ਨਾਲ ਜੁੜ ਕੇ ਅਨੁਸਾਸ਼ਨ ਵਿਚ ਰਹਿੰਦਿਆਂ ਆਜ਼ਾਦੀ ਹਾਸਲ ਕੀਤੀ।ਆਜ਼ਾਦੀ ਦੀ ਲੜਾਈ ਵਿਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਖਾਸ ਯੋਗਦਾਨ ਪਾਇਆ। ਅੰਗਰੇਜ਼ ਸਿਰਫ਼ ਸ਼ਾਂਤੀ ਦੀ ਦੁਹਾਈ ਦਿੱਤਿਆਂ ਨਿਕਲਣ ਵਾਲੇ ਨਹੀਂ ਸਨ। ਅਜ ਭਰਿਸ਼ਟਾਚਾਰ ਦੇ ਵਿਰੋਧ ਵਿਚ ਅਜਿਹੀ ਲਹਿਰ ਦੀ ਲੋੜ ਹੈ ਜਿਸ ਨਾਲ ਲੋਕ ਸਿਰਫ਼ ਰਿਸ਼ਵਤ ਲੈਣ ਜਾਂ ਦੇਣ ਨੂੰ ਹੀ ਬੁਰਾ ਨਾ ਸਮਝਣ ਸਗੋਂ ਇਸ ਦਾ ਨਾਂ ਸੁਣਨਾ ਵੀ ਇਕ ਗੁਨਾਹ ਸਮਝਣ ਲੱਗ ਪੈਣ…!
੯੭੭੯੪੨੬੬੯੮
No comments:
Post a Comment